13-08-25
ਕੀ ਤੁਸੀਂ ਸਹਿਮਤ ਹੋ?
ਹਾਂ ਜੀ, ਅੱਜ ਦੇ ਸਮੇਂ ਵਿਚ ਕਿਸੇ ਕੋਲ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੈ, ਲੋਕੀ ਕਿਤਾਬਾਂ ਛਪਵਾਉਂਦੇ ਹਨ, ਉਹ ਘਰਾਂ ਵਿਚ ਪਈਆਂ ਰਹਿ ਜਾਂਦੀਆਂ ਹਨ ਤੇ ਜਾਂ ਕਿਸੇ ਫੰਕਸ਼ਨਾਂ 'ਤੇ ਵੰਡ ਦਿੱਤੀਆਂ ਜਾਂਦੀਆਂ ਹਨ।ੇ ਇਕ ਤਾਂ ਲੇਖਕ ਦਾ ਖ਼ਰਚਾ ਹੁੰਦਾ ਹੈ ਤੇ ਦੂਜਾ ਕਿਸੇ ਕੋਲ ਸਮਾਂ ਨਹੀਂ ਪੜ੍ਹਨ ਦਾ। ਗੱਲ ਕੌੜੀ ਹੈ ਪਰ ਸੱਚੀ ਹੈ ਕਿਉਂਕਿ ਸੋਸ਼ਲ ਮੀਡੀਆ 'ਤੇ ਇੰਨਾ ਕੁਝ ਪਰੋਸ ਹੋ ਰਿਹਾ ਹੈ ਕਿ ਕਿਸੇ ਨੂੰ ਸਮਾਂ ਨਹੀਂ ਮਿਲਦਾ। ਉਸ ਵੇਲੇ ਬਹੁਤ ਮਹਿਸੂਸ ਹੁੰਦਾ ਹੈ ਜਿਸ ਵੇਲੇ ਕਈ ਪੋਸਟਾਂ ਪੜ੍ਹਦੇ ਹਾਂ ਕਿ ਛੇ ਕਿਤਾਬਾਂ ਲਉ ਹਜ਼ਾਰ ਰੁਪਏ ਵਿਚ, ਉਹਦੇ ਨਾਲੋਂ ਚੰਗਾ ਤਾਂ ਰੁਮਾਲ ਵਿਕ ਜਾਂਦੇ ਹਨ, ਜੇ ਕੋਈ ਲਿਖਦਾ ਹੈ ਪੰਜ ਰੁਮਾਲ ਸੌ ਰੁਪਏ ਦੇ ਲੈ ਲਓ। ਇਹ ਪੋਸਟ ਲੇਖਕਾਂ ਲਈ ਹੈ ਕਿ ਉਹ ਯਤਨ ਕਰਨ ਕਿ ਸਿਰਫ਼ ਪੀ.ਡੀ.ਐਫ. ਫਾਈਲ ਬਣਾਉਣ ਅਤੇ ਫੇਸਬੁੱਕ 'ਤੇ ਪਾ ਦੇਣ ਅਤੇ ਐਕਡਮੀਆਂ, ਭਾਸ਼ਾ ਵਿਭਾਗਾਂ ਆਦਿ ਵਿਚ ਵੀ ਇਸ ਗੱਲ ਨੂੰ ਮਨਜ਼ੂਰੀ ਦਿੱਤੀ ਜਾਵੇ ਕਿ ਕਿਤਾਬਾਂ ਜਮ੍ਹਾਂ ਕਰਾਉਣ ਦੀ ਬਜਾਏ ਪੀ.ਡੀ.ਐਫ. ਫਾਈਲ ਮੰਗਾਓ ਤੇ ਜੋ ਤੁਸੀਂ ਸਨਮਾਨਾਂ ਦੇ ਲਈ ਕਿਤਾਬਾਂ ਮੰਗਵਾਉਂਦੇ ਹੋ ਉਸ ਦੀ ਜਗ੍ਹਾ 'ਤੇ ਇਹੀ ਮੰਗਵਾ ਲਓ। ਇਸ ਬਾਬਤ ਮੈਂ ਕਹਿਣਾ ਚਾਹੁੰਦਾ ਹਾਂ ਕਿ ਕੀ ਤੁਸੀਂ ਮੇਰੀ ਗੱਲ ਨਾਲ ਸਹਿਮਤ ਹੋ।
-ਕੰਵਲਜੀਤ ਕੌਰ।
ਦ੍ਰਿੜ੍ਹ ਨਿਸ਼ਚਾ ਸਫ਼ਲਤਾ ਦਾ ਰਾਹ
ਸੁਪਨੇ ਜੇਕਰ ਸ਼ਿੱਦਤ ਨਾਲ ਵੇਖੇ ਜਾਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਨਿਸ਼ਚਾ ਕਰਕੇ ਨਿਰੰਤਰ ਘਾਲਣਾ ਕੀਤੀ ਜਾਵੇ ਤਾਂ ਦੇਰ ਸਵੇਰ ਸਫ਼ਲਤਾ ਦਾ ਮਿਲਣਾ ਤੈਅ ਹੈ। ਇਹ ਜ਼ਰੂਰੀ ਨਹੀਂ ਕਿ ਪਹਿਲੇ ਯਤਨ ਵਿਚ ਹੀ ਸਫ਼ਲਤਾ ਮਿਲ ਜਾਵੇ, ਕਈ ਵਾਰ ਤਾਲਾ ਗੁੱਛੇ ਦੀ ਆਖ਼ਰੀ ਚਾਬੀ ਨਾਲ ਵੀ ਖੁੱਲ੍ਹ ਜਾਂਦਾ ਹੈ। ਜੇਕਰ ਮਿਹਨਤ ਸੱਚੇ ਦਿਲੋਂ ਅਤੇ ਸਾਫ਼ ਨੀਅਤ ਨਾਲ ਕੀਤੀ ਜਾਵੇ ਤਾਂ ਸਫ਼ਲਤਾ ਇਕ ਨਾ ਇਕ ਦਿਨ ਜ਼ਰੂਰ ਮਿਲੇਗੀ। ਸਫ਼ਲ ਹੋਣ ਵਾਲੇ ਵਿਅਕਤੀ ਕੋਲ ਕੋਈ ਵਿਸ਼ੇਸ਼ ਸ਼ਕਤੀਆਂ ਨਹੀਂ ਹੁੰਦੀਆਂ ਹਨ, ਉਹ ਵੀ ਸਾਡੀ ਤਰ੍ਹਾਂ ਤਰ੍ਹਾਂ ਆਮ ਲੋਕ ਹੀ ਹੁੰਦੇ ਹਨ। ਲਗਨ ਨਾਲ ਕੀਤੀ ਮਿਹਨਤ ਕਰਨ ਨੂੰ ਸ਼ੌਕ ਅਤੇ ਸ਼ੌਕ ਨੂੰ ਜਨੂੰਨ ਬਣਾ ਦਿੰਦੀ ਹੈ ਅਤੇ ਜਿੱਤਾਂ ਦਾ ਰਾਹ ਸੁਖਾਲਾ ਹੋ ਜਾਂਦਾ ਹੈ। ਅਮੀਰ ਖ਼ਾਨ ਦੀ ਅਦਾਕਾਰੀ ਵਾਲੀ ਫ਼ਿਲਮ 'ਸਿਤਾਰੇ ਜ਼ਮੀਨ ਪਰ' ਦਿਵਿਆਂਗਜਨ ਉੱਪਰ ਹੀ ਆਧਾਰਿਤ ਹੈ ਜੋ ਇਹ ਸੁਨੇਹਾ ਦੇਣ ਵਿਚ ਕਾਮਯਾਬ ਰਹੀ ਹੈ ਕਿ ਜੇਕਰ ਵਾਰ-ਵਾਰ ਯਤਨ ਕੀਤੇ ਜਾਣ ਤਾਂ ਜ਼ਿੰਦਗੀ ਵਿਚ ਆਪਣੇ ਮਿੱਥੇ ਟੀਚਿਆਂ 'ਤੇ ਪਹੁੰਚਣਾ ਬਹੁਤ ਸੌਖਾ ਅਤੇ ਸਰਲ ਹੈ।
-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ (ਬਠਿੰਡਾ)