JALANDHAR WEATHER

ਪ੍ਰਧਾਨ ਮੰਤਰੀ ਵਲੋਂ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ ਜਾਰੀ

ਵਾਰਾਣਸੀ, 2 ਅਗਸਤ- ਪ੍ਰਧਾਨ ਮੰਤਰੀ ਮੋਦੀ ਨੇ ਕਾਸ਼ੀ ਤੋਂ ਦੂਜੀ ਵਾਰ ਦੇਸ਼ ਦੇ 9.70 ਕਰੋੜ ਤੋਂ ਵੱਧ ਕਿਸਾਨਾਂ ਦੇ ਖਾਤਿਆਂ ਵਿਚ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ 20ਵੀਂ ਕਿਸ਼ਤ ਜਾਰੀ ਕੀਤੀ। ਇਸ ਵਾਰ ਕਿਸਾਨਾਂ ਦੇ ਖਾਤਿਆਂ ਵਿਚ 20,500 ਕਰੋੜ ਰੁਪਏ ਭੇਜੇ ਗਏ। ਕਾਸ਼ੀ ਦੇ 2.21 ਲੱਖ ਕਿਸਾਨਾਂ ਨੂੰ ਇਸ ਦਾ ਲਾਭ ਮਿਲਿਆ। ਇਸ ਤੋਂ ਪਹਿਲਾਂ 18 ਜੂਨ, 2024 ਨੂੰ, ਉਨ੍ਹਾਂ ਨੇ 9.26 ਕਰੋੜ ਕਿਸਾਨਾਂ ਦੇ ਖਾਤਿਆਂ ਵਿਚ ਸਨਮਾਨ ਨਿਧੀ ਭੇਜੀ ਸੀ।

ਪ੍ਰਧਾਨ ਮੰਤਰੀ ਮੋਦੀ ਨੇ ਭੋਜਪੁਰੀ ਵਿਚ ਕਾਸ਼ੀ ਦੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਸਾਵਣ ਦਾ ਮਹੀਨਾ ਹੈ ਅਤੇ ਕਾਸ਼ੀ ਵਰਗੇ ਪਵਿੱਤਰ ਸਥਾਨ ’ਤੇ ਦੇਸ਼ ਦੇ ਕਿਸਾਨਾਂ ਨਾਲ ਜੁੜਨ ਤੋਂ ਵੱਡਾ ਸੁਭਾਗ ਕੀ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਾਸ਼ੀ ਦੇ ਲੋਕਾਂ ਨੂੰ ਸਲਾਮ ਕਰਦੇ ਹਾਂ। ਅੱਜ ਮੈਂ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਕਾਸ਼ੀ ਆਇਆ ਹਾਂ। ਪਹਿਲਗਾਮ ਅੱਤਵਾਦੀ ਹਮਲੇ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਦੋਂ ਮੈਂ ਬਾਬਾ ਵਿਸ਼ਵਨਾਥ ਨੂੰ ਪ੍ਰਾਰਥਨਾ ਕਰ ਰਿਹਾ ਸੀ ਕਿ ਉਹ ਸਾਰੇ ਪ੍ਰਭਾਵਿਤ ਪਰਿਵਾਰਾਂ ਨੂੰ ਇਸ ਦੁੱਖ ਨੂੰ ਸਹਿਣ ਦੀ ਹਿੰਮਤ ਦੇਣ। ਮੈਂ ਆਪਣੀਆਂ ਧੀਆਂ ਨਾਲ ਵਾਅਦਾ ਕੀਤਾ ਸੀ, ਉਹ ਵੀ ਪੂਰਾ ਹੋਇਆ। ਇਹ ਸਿਰਫ ਜੈ ਮਹਾਦੇਵ ਦੇ ਆਸ਼ੀਰਵਾਦ ਨਾਲ ਹੀ ਸੰਭਵ ਹੋਇਆ। ਮੈਂ ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ਨੂੰ ਉਨ੍ਹਾਂ ਦੇ ਚਰਨਾਂ ਵਿਚ ਸਮਰਪਿਤ ਕਰਦਾ ਹਾਂ।

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਡਾ ਉਦੇਸ਼ ਹੈ ਕਿ ਜਿੰਨਾ ਜ਼ਿਆਦਾ ਪਛੜਿਆ ਹੋਇਆ ਵਿਅਕਤੀ ਹੋਵੇਗਾ, ਉਸ ਨੂੰ ਓਨੀ ਹੀ ਜ਼ਿਆਦਾ ਤਰਜੀਹ ਮਿਲੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 55 ਕਰੋੜ ਲੋਕਾਂ ਦੇ ਖਾਤੇ ਖੋਲ੍ਹੇ ਗਏ ਹਨ, ਜਿਨ੍ਹਾਂ ਨੇ ਕਦੇ ਬੈਂਕ ਨਹੀਂ ਦੇਖਿਆ ਸੀ। ਹੁਣ ਇਸ ਯੋਜਨਾ ਨੂੰ 10 ਸਾਲ ਪੂਰੇ ਹੋ ਗਏ ਹਨ। ਹੁਣ ਬੈਂਕ ਦਾ ਨਿਯਮ ਹੈ ਕਿ ਬੈਂਕ ਦਾ ਕੇ.ਵਾਈ.ਸੀ. ਕਰਨਾ ਜ਼ਰੂਰੀ ਹੈ। ਮੈਂ ਬੈਂਕ ਵਾਲਿਆਂ ਨੂੰ ਕਿਹਾ ਹੈ ਕਿ ਲੋਕਾਂ ਨੂੰ ਬੈਂਕ ਆ ਕੇ ਕੇ.ਵਾਈ.ਸੀ. ਕਰਨੀ ਚਾਹੀਦੀ ਹੈ, ਜੋ ਕਿ ਚੰਗੀ ਗੱਲ ਹੈ, ਪਰ ਕੀ ਅਸੀਂ ਮੁਹਿੰਮ ਚਲਾ ਸਕਦੇ ਹਾਂ? ਮੈਂ ਬੈਂਕਾਂ ਨੂੰ ਸਲਾਮ ਕਰਦਾ ਹਾਂ। ਉਹ ਇਸ ਕੇ.ਵਾਈ.ਸੀ. ਕੰਮ ਨੂੰ ਪੂਰਾ ਕਰਨ ਲਈ ਖੁਦ ਹਰ ਗ੍ਰਾਮ ਪੰਚਾਇਤ ਤੱਕ ਪਹੁੰਚ ਰਹੇ ਹਨ। ਹੁਣ ਇਕ ਮਹੀਨੇ ਵਿਚ ਇਕ ਲੱਖ ਬੈਂਕ ਪੰਚਾਇਤਾਂ ਕੋਲ ਪਹੁੰਚ ਗਏ ਹਨ।

ਆਪ੍ਰੇਸ਼ਨ ਸੰਧੂਰ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੋ ਵੀ ਭਾਰਤ ’ਤੇ ਹਮਲਾ ਕਰੇਗਾ, ਉਹ ਪਾਤਾਲ ਵਿਚ ਵੀ ਨਹੀਂ ਬਚੇਗਾ। ਇਹ ਬਦਕਿਸਮਤੀ ਦੀ ਗੱਲ ਹੈ ਕਿ ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ਸਾਡੇ ਦੇਸ਼ ਦੇ ਕੁਝ ਲੋਕਾਂ ਦੇ ਪੇਟ ਵਿਚ ਦਰਦ ਵੀ ਪੈਦਾ ਕਰ ਰਹੀ ਹੈ। ਇਹ ਕਾਂਗਰਸ ਪਾਰਟੀ ਅਤੇ ਉਨ੍ਹਾਂ ਦੇ ਸਮਰਥਕ ਇਸ ਤੱਥ ਨੂੰ ਹਜ਼ਮ ਨਹੀਂ ਕਰ ਪਾ ਰਹੇ ਕਿ ਭਾਰਤ ਨੇ ਅੱਤਵਾਦੀਆਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਹੈ। ਮੈਂ ਆਪਣੇ ਸਾਥੀ ਭਾਰਤੀਆਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕੀ ਤੁਹਾਨੂੰ ਆਪ੍ਰੇਸ਼ਨ ਸੰਧੂਰ ਦੀ ਸਫ਼ਲਤਾ ’ਤੇ ਮਾਣ ਹੈ ਜਾਂ ਨਹੀਂ। ਕਾਂਗਰਸ ਨੇ ਆਪ੍ਰੇਸ਼ਨ ਸੰਧੂਰ ਨੂੰ ਤਮਾਸ਼ਾ ਕਿਹਾ ਹੈ, ਮੈਨੂੰ ਦੱਸੋ ਕਿ ਕੀ ਸੰਧੂਰ ਕਦੇ ਤਮਾਸ਼ਾ ਹੋ ਸਕਦਾ ਹੈ? ਕੀ ਕੋਈ ਸੰਧੂਰ ਨੂੰ ਤਮਾਸ਼ਾ ਕਹਿ ਸਕਦਾ ਹੈ? ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ ਸਾਨੂੰ ਅੱਤਵਾਦੀਆਂ ਨੂੰ ਮਾਰਨ ਲਈ ਇੰਤਜ਼ਾਰ ਕਰਨਾ ਚਾਹੀਦਾ ਹੈ?

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ