ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਾਰਨ ਸ. ਸੁਖਬੀਰ ਸਿੰਘ ਬਾਦਲ 2027 'ਚ ਬਣਨਗੇ ਸੀ.ਐਮ.- ਸੂਬਾ ਸਿੰਘ ਬਾਦਲ

ਜੈਤੋ, 2 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ 2027 ’ਚ ਪੰਜਾਬ ਦੇ ਮੁੱਖ ਮੰਤਰੀ ਹੋਣਗੇ ਕਿਉਂਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਪਸੰਦ ਕਰਦੇ ਹਨ ਅਤੇ ਅਕਾਲੀ ਦਲ ਦੀਆਂ ਸਰਕਾਰਾਂ ਮੌਕੇ ਹੋਏ ਕੰਮਾਂ ਨੂੰ ਯਾਦ ਕਰ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਹਲਕਾ ਜੈਤੋ ਦੇ ਇੰਚਾਰਜ ਸੂਬਾ ਸਿੰਘ ਬਾਦਲ ਨੇ ਸਥਾਨਕ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਮੌਕੇ ਪ੍ਰਗਟ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਇਕ ਅਦਾਰੇ ਵਲੋਂ ਆਪਣੇ ਸੋਸ਼ਲ ਮੀਡੀਆਂ ਪੇਜ ’ਤੇ ਮੇਰਾ ਅਕਸ ਖਰਾਬ ਕਰਨ ਲਈ ਪੋਸਟ ਪਾਈ ਗਈ ਕਿ ਸੂਬਾ ਸਿੰਘ ਬਾਦਲ ‘ਆਪ’ ਵਿਚ ਸ਼ਾਮਿਲ ਹੋ ਗਏ ਹਨ, ਦੇ ਸਬੰਧ ਵਿਚ ਉਨ੍ਹਾਂ ਆਪਣੇ ਵਕੀਲ ਰਾਹੀਂ ਗਲਤ ਅਫਵਾਹਾਂ ਫੈਲਾਉਣ ਵਾਲੇ ਅਦਾਰੇ ਨੂੰ ਨੋਟਿਸ ਭੇਜ ਕੇ 15 ਦਿਨਾਂ ਅੰਦਰ ਸਪੱਸ਼ਟੀਕਰਨ ਦੇਣ ਤੇ ਮੁਆਫੀ ਮੰਗਣ ਲਈ ਭੇਜਿਆ ਹੈ। ਉਨ੍ਹਾਂ ਕਿਹਾ ਕਿ ਕੁਝ ਸਵਾਰਥੀ ਲੋਕ ਅਜਿਹੀਆ ਕੋਝੀਆਂ ਹਰਕਤਾਂ ਕਰਦੇ ਹਨ, ਨੂੰ ਬਾਜ਼ ਆਉਣ ਲਈ ਕਿਹਾ ਹੈ।
ਉਨ੍ਹਾਂ ਕਿਹਾ ਕਿ ਉਹ ਸ. ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਵਾਂਗ ਖੜ੍ਹੇ ਹਾਂ ਕਿਉਂਕਿ ਉਨ੍ਹਾਂ ਦਾ ਪਰਿਵਾਰ ਹੀ ਟਕਾਸਲੀ ਅਕਾਲੀ ਹੈ ਤੇ ਅਕਾਲੀ ਹੀ ਰਹਿਣਗੇ। ਮੇਰੇ ਪਿਤਾ ਸਾਬਕਾ ਖੇਤੀਬਾੜੀ ਮੰਤਰੀ ਪੰਜਾਬ ਸਵ: ਗੁਰਦੇਵ ਸਿੰਘ ਬਾਦਲ ਦੀ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਗੂੜ੍ਹੀ ਨੇੜਤਾ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਰਹਿਣ। ਇਸ ਮੌਕੇ ਨਗਰ ਕੌਂਸਲ ਜੈਤੋ ਦੇ ਸਾਬਕਾ ਪ੍ਰਧਾਨ ਜ਼ੈਲਦਾਰ ਯਾਦਵਿੰਦਰ ਸਿੰਘ, ਨਿਰਮਲ ਸਿੰਘ ਵੜਿੰਗ ਡੋਡ, ਸਾਬਕਾ ਕੌਂਸਲਰ ਜਸਪਾਲ ਸਿੰਘ ਕਾਂਟਾ, ਲਾਲੀ ਬਾਦਲ, ਰੂਬੀ ਪੰਜਗਰਾਈਂ, ਖੇਤੀਬਾੜੀ ਵਿਕਾਸ ਬੈਂਕ ਜੈਤੋ ਦੇ ਸਾਬਕਾ ਚੇਅਰਮੈਨ ਪ੍ਰਗਟ ਸਿੰਘ ਡੋਡ, ਸਾਬਕਾ ਵਾਈਸ ਚੇਅਰਮੈਨ ਜਗਰੂਪ ਸਿੰਘ ਬਰਾੜ, ਰਾਜਪਾਲ ਸਿੰਘ ਬਰਾੜ ਡੇਲਿਆਂਵਾਲੀ, ਬਲਵੰਤ ਸਿੰਘ ਬਰਾੜ ਕਰੀਰਵਾਲੀ, ਡਾ. ਗੁਰਨੈਬ ਸਿੰਘ ਢਿੱਲੋਂ ਮੱਲਾ, ਸਿਕੰਦਰ ਸਿੰਘ ਰਾਮੇਆਣਾ, ਸੁਖਜਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ ਬਰਾੜ, ਦਰਸ਼ਨ ਸਿੰਘ ਝੱਖੜਵਾਲਾ, ਰਿਟਾ: ਮੁਲਾਜ਼ਮ ਗੁਰਚਰਨ ਸਿੰਘ, ਪਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਵਰਕਿੰਗ ਕਮੇਟੀ ਪੰਜਾਬ ਦਾ ਮੈਂਬਰ ਗੁਰਚੇਤ ਸਿੰਘ ਢਿੱਲੋਂ ਬਰਗਾੜੀ ਅਤੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਨੇ ਕਿਹਾ ਕਿ ਪੱਤਕਾਰ ਦਾ ਮੁੱਢਲਾ ਫਰਜ਼ ਬਣਦਾ ਹੈ ਕਿ ਉਹ ਸੱਚਾਈ ਨੂੰ ਪੇਸ਼ ਕਰੇ ਨਾ ਕਿ ਗਲਤ ਅਫਵਾਹਾਂ ਫੈਲਾਏ। ਉਨ੍ਹਾਂ ਕਿਹਾ ਕਿ ਸ: ਸੂਬਾ ਸਿੰਘ ਬਾਦਲ ਬੇਦਾਗ ਸਿਆਸੀ ਆਗੂ ਹਨ ਤੇ ਉਨ੍ਹਾਂ ਦੇ ਪਰਿਵਾਰ ਨੂੰ ਹਰ ਵਿਅਕਤੀ ਚੰਗੀ ਤਰ੍ਹਾਂ ਜਾਣਦਾ ਹੈ ਕੀ ਉਹ ਅਕਾਲੀ ਹਨ ਤੇ ਅਕਾਲੀ ਹੀ ਰਹਿਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਝੂਠੀਆਂ ਅਫਵਾਹਾਂ ਫੈਲਾਉਣ ਵਾਲਿਆਂ ਤੋਂ ਸੁਚੇਤ ਰਹਿਣ।