ਬੀ.ਐਸ.ਐਫ. ਨੇ ਇਕ ਭਾਰਤ ਸ੍ਰੇਸ਼ਟ ਭਾਰਤ ਪ੍ਰੋਗਰਾਮ ਤਹਿਤ ਕੱਢੀ ਰੈਲੀ

ਅਟਾਰੀ, (ਅੰਮ੍ਰਿਤਸਰ), 30 ਜੁਲਾਈ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਉਤੇ ਸਥਿਤ ਜੇ.ਸੀ.ਪੀ. ਵਿਖੇ ਤਾਇਨਾਤ ਬੀ.ਐਸ.ਐਫ. ਦੀ 181 ਬਟਾਲੀਆਂ ਵਲੋਂ ਇਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਤਹਿਤ ਰੈਲੀ ਕੱਢੀ ਗਈ, ਜਿਸ ਵਿਚ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ, ਜਵਾਨਾਂ, ਬੀ.ਐਸ.ਐਫ. ਦੀਆਂ ਮਹਿਲਾਵਾਂ ਅਤੇ ਸਰਹੱਦੀ ਪਿੰਡਾਂ ਦੇ ਨੌਜਵਾਨ ਲੜਕੇ-ਲੜਕੀਆਂ ਨੇ ਵੱਡੀ ਗਿਣਤੀ ਵਿਚ ਹਿੱਸਾ ਲਿਆ। ਡੀ.ਆਈ.ਜੀ. ਬੀ.ਐਸ.ਐਫ. ਖਾਸਾ ਹੈੱਡ ਕੁਆਰਟਰ ਅੰਮ੍ਰਿਤਸਰ ਐਸ.ਐਸ. ਚੰਦੇਲ ਅਤੇ 181 ਬਟਾਲੀਅਨ ਦੇ ਕਮਾਂਡੈਂਟ ਪਰਮਿੰਦਰ ਸਿੰਘ ਨੇ ਰੈਲੀ ਨੂੰ ਬੀ.ਓ.ਪੀ. ਰਾਜਾਤਾਲ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਭਾਰੀ ਮੀਂਹ ਹੋਣ ਦੇ ਬਾਵਜੂਦ ਵੀ ਰੈਲੀ ਪਿੰਡ ਮਹਾਵਾ, ਪਿੰਡ ਨੇਸ਼ਟਾ ਅਤੇ ਕਸਬਾ ਅਟਾਰੀ ਤੋਂ ਹੁੰਦੀ ਹੋਈ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਅਟਾਰੀ ਪਹੁੰਚੀ। ਰੈਲੀ ਨਾਲ ਐਂਬੂਲੈਂਸ ਦੀਆਂ ਗੱਡੀਆਂ ਅਤੇ ਡਾਕਟਰਾਂ ਦੀਆਂ ਟੀਮਾਂ ਵੀ ਮੌਜੂਦ ਸਨ ਤਾਂ ਕਿ ਲੋੜ ਪੈਣ ਉਤੇ ਦੌੜਾਕਾਂ ਨੂੰ ਸਹੂਲਤ ਮੁਹੱਈਆ ਕਰਵਾਈ ਜਾਵੇ। ਦੌੜਾਕਾਂ ਲਈ ਪੀਣ ਵਾਲੇ ਸਾਫ ਪਾਣੀ ਅਤੇ ਰਿਫਰੈਸ਼ਮੈਂਟ ਦਾ ਵੀ ਖਾਸ ਪ੍ਰਬੰਧ ਕੀਤਾ ਗਿਆ ਸੀ। ਕਮਾਂਡੈਂਟ ਪਰਮਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਕ ਭਾਰਤ ਸ੍ਰੇਸ਼ਠ ਭਾਰਤ ਪ੍ਰੋਗਰਾਮ ਦੇ ਬੈਨਰ ਹੇਠ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੈਲੀ ਦਾ ਮੁੱਖ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਨਸ਼ੇ ਵਿਰੁੱਧ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਬੀ.ਐਸ.ਐਫ. ਦੀ 181 ਬਟਾਲੀਅਨ ਵਲੋਂ 6000 ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ ਅਤੇ ਪਿੰਡਾਂ ਦੇ ਲੋਕਾਂ ਨੂੰ ਬੂਟੇ ਵੰਡੇ ਜਾ ਰਹੇ ਹਨ। ਕਮਾਂਡੈਂਟ ਪਰਮਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਹਰਿਆ-ਭਰਿਆ ਬਣਾਉਣ ਲਈ ਹਰਿਆਵਲ ਅਤੇ ਫਲਦਾਰ ਬੂਟੇ ਸੜਕਾਂ ਦੇ ਕਿਨਾਰੇ ਛੱਡ ਕੇ ਲਗਾਏ ਜਾ ਰਹੇ ਹਨ।