5 ਲੱਖ ਦੀ ਰਿਸ਼ਵਤ ਲੈਣ ਵਾਲੀ ਮਹਿਲਾ ਇੰਸਪੈਕਟਰ ਭਗੌੜੀ ਐਲਾਨ

ਮੋਗਾ, 31 ਜੁਲਾਈ- ਮੋਗਾ ਦੇ ਥਾਣਾ ਕੋਟ ਈਸੇ ਖਾਂ ’ਚ ਤਾਇਨਾਤ ਰਹੀ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ’ਚ ਅਦਾਲਤ ਨੇ ਭਗੌੜਾ ਐਲਾਨ ਕਰ ਦਿੱਤਾ ਹੈ। ਇੰਸਪੈਕਟਰ ’ਤੇ ਨਸ਼ਾ ਤਸਕਰਾਂ ਨੂੰ ਛੱਡਣ ਲਈ ਪਹਿਲਾਂ ਹੀ ਭ੍ਰਿਸ਼ਟਾਚਾਰ ਕਾਨੂੰਨ ਹੇਠ ਮਾਮਲਾ ਦਰਜ ਸੀ।
23 ਅਕਤੂਬਰ 2024 ਨੂੰ ਥਾਣਾ ਕੋਟ ਈਸੇ ਖਾਂ ਦੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਵਲੋਂ ਇੰਸਪੈਕਟਰ ਅਰਸ਼ਪ੍ਰੀਤ ਖਿਲਾਫ਼ ਕੇਸ ਦਰਜ ਕੀਤਾ ਗਿਆ ਸੀ, ਜਿਸ ’ਚ ਦੱਸਿਆ ਗਿਆ ਕਿ ਉਸ ਨੇ ਨਸ਼ਾ ਤਸਕਰਾਂ ਨੂੰ ਛੱਡਣ ਦੇ ਬਦਲੇ ’ਚ 5 ਲੱਖ ਰੁਪਏ ਲਏ ਸਨ। ਇੰਸਪੈਕਟਰ ਦੀ ਅਗਾਊਂ ਜ਼ਮਾਨਤ ਵੀ ਰੱਦ ਹੋ ਚੁੱਕੀ ਹੈ ਅਤੇ ਕੇਸ ਨੂੰ 9 ਮਹੀਨੇ ਹੋ ਜਾਣ ਦੇ ਬਾਵਜੂਦ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ, ਅਸਲ ’ਚ ਹੁਣ ਉਸ ਵਿਰੁੱਧ ਧਾਰਾ 209 ਹੇਠ ਵੀ ਨਵਾਂ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦੇ ਮੁਤਾਬਕ, 1 ਅਕਤੂਬਰ 2024 ਨੂੰ ਮੁਖਬਿਰ ਦੀ ਸੂਚਨਾ ’ਤੇ ਪੁਲਿਸ ਨੇ ਕੋਟ ਈਸੇ ਖਾਂ ਦੇ ਅਮਰਜੀਤ ਸਿੰਘ ਨੂੰ ਸਕਾਰਪਿਓ ਗੱਡੀ ਅਤੇ 2 ਕਿੱਲੋ ਅਫੀਮ ਸਮੇਤ ਫੜਿਆ ਸੀ। ਉਸ ਦੇ ਨਾਲ ਉਸਦਾ ਭਰਾ ਮਨਪ੍ਰੀਤ ਅਤੇ ਭਤੀਜਾ ਗੁਰਪ੍ਰੀਤ ਵੀ 3 ਕਿੱਲੋ ਅਫ਼ੀਮ ਸਮੇਤ ਕਾਬੂ ਆਏ। ਇੰਸਪੈਕਟਰ ਅਰਸ਼ਪ੍ਰੀਤ ਨੇ ਥਾਣੇ ਦੇ ਮੁਨਸ਼ੀ ਗੁਰਪ੍ਰੀਤ ਸਿੰਘ ਅਤੇ ਚੌਕੀ ਇੰਚਾਰਜ ਰਾਜਪਾਲ ਸਿੰਘ ਦੇ ਨਾਲ ਮਿਲ ਕੇ ਰਿਸ਼ਵਤ ਲਈ ਅਤੇ ਤਸਕਰਾਂ ਨੂੰ ਛੱਡ ਦਿੱਤਾ।