ਗੁਰਿੰਦਰ ਸਿੰਘ ਬਾਵਾ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਬੋਰਡ 'ਚ ਦੀਵਾਨ ਦੇ ਨੁਮਾਇੰਦੇ ਮੈਂਬਰ ਵਜੋਂ ਨਿਯੁਕਤ

ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਚੀਫ਼ ਖ਼ਾਲਸਾ ਦੀਵਾਨ ਵਲੋਂ ਕਾਰਜਸਾਧਕ ਕਮੇਟੀ ਅਤੇ ਜਨਰਲ ਹਾਊਸ ਵਿਚ ਸਰਬਸੰਮਤੀ ਨਾਲ ਪਾਸ ਹੋਏ ਮਤੇ ਅਨੁਸਾਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਗਠਨ ਵਿਚ ਸੀ.ਕੇ.ਡੀ. ਲੋਕਲ ਕਮੇਟੀ ਮੁੰਬਈ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਵਾ ਦੇ ਨਾਮ ਦੀ ਸਿਫਾਰਸ਼ ਚੀਫ਼ ਖ਼ਾਲਸਾ ਦੀਵਾਨ ਦੇ ਨੁਮਾਇੰਦੇ ਵਜੋਂ ਕੀਤੀ ਗਈ, ਜਿਸ ਨੂੰ ਸਵੀਕਾਰ ਕਰਦਿਆਂ ਸ. ਬਾਵਾ ਨੂੰ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਵਿਚ ਮੈਂਬਰ ਵਜੋਂ ਸ਼ਾਮਿਲ ਕਰਨ ਉਤੇ ਦੀਵਾਨ ਪ੍ਰਬੰਧਕਾਂ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਸਮੇਤ ਸਮੂਹ ਅਹੁਦੇਦਾਰਾਂ ਨੇ ਗੁਰਿੰਦਰ ਸਿੰਘ ਬਾਵਾ ਨੂੰ ਵਧਾਈ ਦਿੰਦਿਆਂ ਨਵੀਆਂ ਅਹਿਮ ਜ਼ਿੰਮੇਵਾਰੀਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਡਾ. ਨਿੱਜਰ ਨੇ ਕਿਹਾ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਵਿਚ ਦੀਵਾਨ ਦੀ ਨੁਮਾਇੰਦਗੀ ਦੇ ਅਹਿਮ ਅਹੁਦੇ ਲਈ ਸ. ਬਾਵਾ ਦੇ ਨਾਮ ਦੀ ਸਿਫਾਰਸ਼ ਉਨ੍ਹਾਂ ਵਲੋਂ ਪੰਥ ਅਤੇ ਕੌਮ ਪ੍ਰਤੀ ਨਿਭਾਈਆਂ ਗਈਆਂ ਮਹੱਤਵਪੂਰਨ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਕੀਤੀ ਗਈ ਸੀ।
ਉਨ੍ਹਾਂ ਆਸ ਕੀਤੀ ਕਿ ਗੁਰਿੰਦਰ ਸਿੰਘ ਬਾਵਾ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਵਿਚ ਦੀਵਾਨ ਦੀ ਪੰਥਕ ਨੁਮਾਇੰਦਗੀ ਨੂੰ ਹੋਰ ਮਜ਼ਬੂਤ ਕਰਦਿਆਂ ਆਪਣੀ ਸਮਰਪਿਤ ਸੋਚ ਅਤੇ ਸੇਵਾ ਨਾਲ ਸਾਕਾਰਾਤਮਕ ਯੋਗਦਾਨ ਦੇਣਗੇ ਅਤੇ ਦੀਵਾਨ ਅਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਦੇ ਮਾਣ-ਸਨਮਾਨ ਨੂੰ ਹੋਰ ਵੀ ਉੱਚਾ ਕਰਨਗੇ। ਸ. ਬਾਵਾ ਨੇ ਦੀਵਾਨ ਵਲੋਂ ਉਨ੍ਹਾਂ ਦੀ ਕਾਬਲੀਅਤ ਉਤੇ ਵਿਸ਼ਵਾਸ ਰੱਖਦਿਆਂ ਉਨ੍ਹਾਂ ਦਾ ਨਾਮ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਬੋਰਡ ਵਿਚ ਬਤੌਰ ਦੀਵਾਨ ਨੁਮਾਇੰਦੇ ਵਜੋਂ ਤਜਵੀਜ਼ ਕਰਨ ਪ੍ਰਤੀ ਧੰਨਵਾਦ ਪ੍ਰਗਟ ਕੀਤਾ ਅਤੇ ਸੌਂਪੀ ਗਈ ਸੇਵਾ ਨੂੰ ਨਿਸ਼ਕਾਮ ਭਾਵ ਅਤੇ ਤਨ ਮਨ ਨਾਲ ਨਿਭਾਉਣ ਦਾ ਭਰੋਸਾ ਦਿੱਤਾ।