ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੰਸਦ 'ਚ ਜਲੰਧਰ ਦਾ ਚੁੱਕਿਆ ਮੁੱਦਾ

ਜਲੰਧਰ, 30 ਜੁਲਾਈ-ਅੱਜ ਸੰਸਦ ਵਿਚ ਮਾਨਸੂਨ ਸੈਸ਼ਨ ਦਾ 8ਵਾਂ ਦਿਨ ਹੈ। ਜਲੰਧਰ ਤੋਂ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿਚ ਜਲੰਧਰ ਛਾਉਣੀ ਖੇਤਰ ਵਿਚ ਬਣੀ ਈਦਗਾਹ ਸਬੰਧੀ ਮੁੱਦਾ ਉਠਾਇਆ। ਅੱਜ ਦੁਪਹਿਰ ਜਲੰਧਰ ਲੋਕ ਸਭਾ ਸੀਟ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਮੁੱਦਾ ਉਠਾਇਆ। ਇਸ ਦੇ ਨਾਲ ਹੀ ਚੰਨੀ ਨੇ ਉਸ ਸਮੇਂ ਮੌਜੂਦ ਪ੍ਰੀਜ਼ਾਈਡਿੰਗ ਅਫ਼ਸਰ ਸੰਧਿਆ ਰਾਏ ਨੂੰ ਅਪੀਲ ਕੀਤੀ ਕਿ ਉਹ ਇਸ ਵੱਲ ਜਲਦੀ ਤੋਂ ਜਲਦੀ ਧਿਆਨ ਦੇ ਕੇ ਇਸ ਮੁੱਦੇ ਨੂੰ ਹੱਲ ਕਰਨ ਤਾਂ ਜੋ ਪੰਜਾਬ ਦੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ।
ਸੰਸਦ ਮੈਂਬਰ ਚੰਨੀ ਨੇ ਕਿਹਾ ਕਿ ਈਦਗਾਹ ਦਾਨ ਵਜੋਂ ਮਿਲੀ ਸੀ, ਇਸ ਨੂੰ ਖਾਲੀ ਕਰਨ ਲਈ ਨੋਟਿਸ ਭੇਜਿਆ ਗਿਆ ਸੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜਲੰਧਰ ਛਾਉਣੀ ਖੇਤਰ ਵਿਚ ਕੁਝ ਸਮੱਸਿਆਵਾਂ ਹਨ, ਜੋ ਉਥੋਂ ਦੇ ਲੋਕਾਂ ਅਤੇ ਕੁਝ ਭਾਈਚਾਰਿਆਂ ਨਾਲ ਸਬੰਧਿਤ ਹਨ। ਛਾਉਣੀ ਖੇਤਰ ਵਿਚ ਬਣੀ ਮੁਸਲਿਮ ਈਦਗਾਹ 1909 ਤੋਂ ਮੁਸਲਿਮ ਭਾਈਚਾਰੇ ਦੇ ਕਬਜ਼ੇ ਵਿਚ ਹੈ। ਉਕਤ ਈਦਗਾਹ ਦੀ ਸਾਰੀ ਜ਼ਮੀਨ ਉਨ੍ਹਾਂ ਨੂੰ ਦਾਨ ਕਰ ਦਿੱਤੀ ਗਈ ਸੀ ਪਰ ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਇਸਨੂੰ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਨਾਲ ਪੰਜਾਬ ਦੇ ਮੁਸਲਿਮ ਭਾਈਚਾਰੇ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਸਾਲ 1995 ਵਿਚ ਸਰਕਾਰ ਵਲੋਂ ਇਸ ਸਬੰਧੀ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ। ਜਲੰਧਰ ਖੇਤਰ ਵਿਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕਾਂ ਵਿਚ ਬਹੁਤ ਗੁੱਸਾ ਹੈ। ਇਸ ਲਈ ਉਕਤ ਮੁੱਦੇ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਭਾਈਚਾਰੇ ਤੋਂ ਨਮਾਜ਼ ਅਦਾ ਕਰਨ ਦਾ ਅਧਿਕਾਰ ਨਹੀਂ ਖੋਹਣਾ ਚਾਹੀਦਾ।