ਸੜਕ ਸੁਰੱਖਿਆ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇ- ਵਧੀਕ ਡਿਪਟੀ ਕਮਿਸ਼ਨਰ

ਫਾਜ਼ਿਲਕਾ, 30 ਜੁਲਾਈ (ਬਲਜੀਤ ਸਿੰਘ)-ਸੜਕ ਸੁਰੱਖਿਆ ਸਬੰਧੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਅਤੇ ਇਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਜਨ.) ਡਾ. ਮਨਦੀਪ ਕੌਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਕੀਤੀ ਗਈ, ਜਿਸ ਵਿਚ ਏ.ਟੀ.ਓ. ਸੁਖਰਚਨ ਸਿੰਘ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਨੇ ਪੁਲਿਸ ਅਤੇ ਆਰ.ਟੀ.ਏ. ਵਿਭਾਗ ਨੂੰ ਅਣਅਧਿਕਾਰਿਤ ਪਾਰਕਿੰਗ, ਵੱਧ ਸਪੀਡ, ਓਵਰਲੋਡ ਵਾਹਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਬੱਸਾਂ ਵਿਚ ਔਰਤਾਂ ਦੀ ਸੁਰੱਖਿਆ ਲਈ ਹੈਲਪਲਾਈਨ ਨੰਬਰ ਲਗਾਇਆ ਜਾਵੇ। ਇਸ ਤੋਂ ਇਲਾਵਾ ਬੱਸਾਂ ਵਿਚ ਸ਼ਿਕਾਇਤ ਬਾਕਸ ਵੀ ਲਗਾਇਆ ਜਾਵੇ ਤਾਂ ਜੋ ਲੋਕ ਆਪਣੇ ਸੁਝਾਅ ਅਤੇ ਸ਼ਿਕਾਇਤਾਂ ਦੇ ਸਕਣ।
ਉਨ੍ਹਾਂ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਫਾਜ਼ਿਲਕਾ ਸਕੂਲਾਂ ਦੀ ਟਰਾਂਸਪੋਰਟ ਦੀ ਚੈਕਿੰਗ ਕਰੇ ਤੇ ਸਕੂਲ ਵੈਨਾਂ ਦੇ ਡਰਾਈਵਰਾਂ ਦੇ ਰੈਗੂਲਰ ਟੈਸਟ ਕਰਵਾਏ ਜਾਣ ਅਤੇ ਇਸ ਸਬੰਧੀ ਰਿਕਾਰਡ ਵੀ ਮੇਨਟੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਲੈਕ ਸਪੋਟਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਥਾਵਾਂ ਉਤੇ ਸਾਈਨ ਬੋਰਡ/ਲਾਈਟਾਂ ਆਦਿ ਲਗਾਏ ਜਾਣਗੇ ਤਾਂ ਜੋ ਹਾਦਸਿਆਂ ਨੂੰ ਰੋਕਿਆ ਜਾ ਸਕੇ।
ਉਨ੍ਹਾਂ ਕਿਹਾ ਕਿ ਸਾਡੀ ਥੋੜ੍ਹੀ ਜਿਹੀ ਲਾਪ੍ਰਵਾਹੀ ਵੱਡੀ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਾਨੂੰ ਟ੍ਰੈਫਿਕ ਨਿਯਮਾਂ ਨੂੰ ਅੱਖੋਂ-ਪਰੋਖੇ ਨਹੀਂ ਕਰਨਾ ਚਾਹੀਦਾ। ਉਨ੍ਹਾਂ ਟਰੈਫਿਕ ਵਿਭਾਗ ਦੇ ਇੰਚਾਰਜਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵੀ ਯਤਨਸ਼ੀਲ ਰਹਿਣ ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਕੀਤਾ ਜਾਵੇ। ਵਾਹਨ ਦੀ ਸਪੀਡ ਘੱਟ ਰੱਖਣ, ਵ੍ਹੀਕਲ ਚਲਾਉਂਦੇ ਸਮੇਂ ਹੈਲਮੇਟ ਦੀ ਵਰਤੋਂ, ਰੈੱਡ ਲਾਈਟ ਸਮੇਂ ਰੁਕਣਾ, 18 ਸਾਲ ਦੀ ਉਮਰ ਤੋਂ ਬਾਅਦ ਹੀ ਵ੍ਹੀਕਲ ਦੀ ਵਰਤੋਂ ਆਦਿ ਬਾਰੇ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਅਗੇ ਕਿਹਾ ਕਿ ਸੜਕਾਂ ਉਤੇ ਬੇਜ਼ੁਬਾਨ ਪਸ਼ੂਆਂ ਦੇ ਹੋਣ ਕਰਕੇ ਵੀ ਹਾਦਸੇ ਹੋ ਜਾਂਦੇ ਹਨ, ਇਸ 'ਤੇ ਵੀ ਠੱਲ੍ਹ ਪਾਈ ਜਾਵੇ, ਸੜਕਾਂ 'ਤੇ ਸਾਈਨ ਬੋਰਡ ਲੱਗੇ ਹੋਣ ਨੂੰ ਯਕੀਨੀ ਬਣਾਇਆ ਜਾਵੇ। ਇਸ ਸਮੇਂ ਪੁਲਿਸ ਵਿਭਾਗ, ਟ੍ਰੈਫਿਕ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਆਦਿ ਹਾਜ਼ਰ ਸਨ।