ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਚੀਨ ਸਰਹੱਦ ਲੱਦਾਖ 'ਚ ਹੋਏ ਸ਼ਹੀਦ

ਪਠਾਨਕੋਟ, 30 ਜੁਲਾਈ (ਸੰਧੂ)-ਸ਼ਹੀਦਾਂ ਦੀ ਜਨਮ ਭੂਮੀ ਪਠਾਨਕੋਟ ਨੇ ਆਪਣੀ ਕੁਰਬਾਨੀ ਦੀ ਮਾਣਮੱਤੀ ਪ੍ਰੰਪਰਾ ਨੂੰ ਕਾਇਮ ਰੱਖਦੇ ਹੋਏ ਅੱਜ ਦੇਸ਼ ਲਈ ਇਕ ਹੋਰ ਬਹਾਦਰ ਪੁੱਤਰ 33 ਸਾਲਾ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੀ ਕੁਰਬਾਨੀ ਦੇ ਦਿੱਤੀ। ਸਥਾਨਕ ਅਬਰੋਲ ਨਗਰ ਦੇ ਰਹਿਣ ਵਾਲੇ ਫੌਜ ਦੀ 14 ਹਾਰਸ ਰੈਜੀਮੈਂਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਜੰਮੂ-ਕਸ਼ਮੀਰ ਵਿਚ ਲੱਦਾਖ ਨਾਲ ਲੱਗਦੀ ਭਾਰਤ-ਚੀਨ ਸਰਹੱਦ 'ਤੇ ਤਾਇਨਾਤ ਸਨ ਅਤੇ ਅੱਜ ਸਵੇਰੇ ਉਹ ਫਾਇਰਿੰਗ ਰੇਂਜ ਵੱਲ ਜਾ ਰਹੇ ਸਨ ਕਿ ਪਹਾੜ ਤੋਂ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ।
ਅੱਜ ਜਿਵੇਂ ਹੀ ਪਰਿਵਾਰ ਨੂੰ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੀ ਸ਼ਹਾਦਤ ਦੀ ਖ਼ਬਰ ਮਿਲੀ, ਉਨ੍ਹਾਂ 'ਤੇ ਦੁੱਖਾਂ ਦਾ ਪਹਾੜ ਡਿੱਗ ਪਿਆ। ਪਿਤਾ ਸੇਵਾ-ਮੁਕਤ ਕਰਨਲ ਆਰ.ਪੀ.ਐਸ. ਮਨਕੋਟੀਆ, ਮਾਂ ਸੁਨੀਤਾ ਮਨਕੋਟੀਆ ਅਤੇ ਪਤਨੀ ਤਾਰਿਣੀ ਉਨ੍ਹਾਂ ਦੀ ਕੁਰਬਾਨੀ ਦੀ ਖ਼ਬਰ ਸੁਣ ਕੇ ਡੂੰਘੇ ਸਦਮੇ ਵਿਚ ਹਨ। ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਇਕ ਬਹੁਤ ਹੀ ਬਹਾਦਰ ਅਤੇ ਹੋਣਹਾਰ ਅਫਸਰ ਸਨ ਅਤੇ ਹੁਣੇ ਹੀ ਜੂਨ ਵਿਚ ਉਨ੍ਹਾਂ ਨੂੰ ਲੈਫਟੀਨੈਂਟ ਕਰਨਲ ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਆਈ.ਐਮ.ਏ. ਵਿਚ ਸਭ ਤੋਂ ਵਧੀਆ ਕੈਡੇਟ ਹੋਣ ਦੇ ਨਾਤੇ, ਉਨ੍ਹਾਂ ਨੂੰ ਸਵੋਰਡ ਆਫ਼ ਆਨਰ ਅਤੇ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਉਹ ਆਪਣੇ ਪਿੱਛੇ ਡੇਢ ਸਾਲ ਦੇ ਇਕਲੌਤੇ ਪੁੱਤਰ ਵਿਓਮ ਨੂੰ ਛੱਡ ਗਏ ਹਨ। ਇਸ ਮੌਕੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਦੱਸਿਆ ਕਿ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਦੀ ਮ੍ਰਿਤਕ ਦੇਹ ਵੀਰਵਾਰ, 31 ਜੁਲਾਈ ਨੂੰ ਪਠਾਨਕੋਟ ਪਹੁੰਚੇਗੀ, ਜਿਥੇ ਉਨ੍ਹਾਂ ਦਾ ਅੰਤਿਮ ਸੰਸਕਾਰ ਜਲੰਧਰ ਬਾਈਪਾਸ 'ਤੇ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿਚ ਪੂਰੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ।