ਪੰਜਾਬ ਅੰਦਰ ਪੰਚਾਇਤ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਕਤੂਬਰ 'ਚ ਹੋਣ ਦੀ ਸੰਭਾਵਨਾ

.jpg)
ਬੁਢਲਾਡਾ, 30 ਜੁਲਾਈ (ਸਵਰਨ ਸਿੰਘ ਰਾਹੀ)-ਪੰਜਾਬ ਸਰਕਾਰ ਵਲੋਂ ਸੂਬੇ ਅੰਦਰ ਪੰਚਾਇਤ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਕਤੂਬਰ ਮਹੀਨੇ ਕਰਵਾਈਆਂ ਜਾ ਸਕਦੀਆਂ ਹਨ। ਇਸ ਸਬੰਧੀ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਲੋੜੀਂਦਾ ਚੋਣ ਅਮਲ ਮੁਕੰਮਲ ਕਰਨ ਲਈ ਕਾਰਵਾਈ ਆਰੰਭ ਦਿੱਤੀ ਹੈ। ਵਿਭਾਗ ਦੇ ਸਪੈਸ਼ਲ ਸਕੱਤਰ ਵਲੋਂ ਅੱਜ ਜਾਰੀ ਪੱਤਰ 'ਚ ਰਾਜ ਦੇ ਸਮੂਹ ਵਧੀਕ ਡਿਪਟੀ ਕਮਿਸ਼ਨਰਜ਼ (ਵਿਕਾਸ) ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਇਨ੍ਹਾਂ ਚੋਣਾਂ ਸੰਬੰਧੀ ਚੋਣ ਹਲਕੇ ਬਣਾਉਣ ਦੀ ਹਦਾਇਤ ਕਰਦਿਆਂ ਕਿਹਾ ਹੈ ਕਿ ਰਾਜ ਅੰਦਰ ਪੰਚਾਇਤ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਆਮ ਚੋਣਾਂ ਸਰਕਾਰ ਵਲੋਂ 5 ਅਕਤੂਬਰ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ ਅਤੇ 'ਆਪ' ਵਲੋਂ ਭੇਜੇ ਗਏ ਬਲਾਕਾਂ ਦੇ ਪੁਨਰਗਠਨ ਕਰਨ ਸਬੰਧੀ ਤਜਵੀਜ਼ਾਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਪ੍ਰਵਾਨ ਕਰ ਲਈਆਂ ਗਈਆਂ ਹਨ ਅਤੇ ਇਨ੍ਹਾਂ ਅਨੁਸਾਰ ਹੀ ਚੋਣ ਹਲਕੇ ਬਣਾਏ ਜਾਣੇ ਹਨ।
ਇਸ ਸਬੰਧੀ ਅੱਜ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਪ੍ਰਬੰਧਕੀ ਸਕੱਤਰ ਅਤੇ ਸਪੈਸ਼ਲ ਸਕੱਤਰ ਵਲੋਂ ਵੀਡੀਓ ਕਾਨਫਰੰਸ ਮੀਟਿੰਗ ਰਾਹੀਂ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਬਲਾਕਾਂ ਦੇ ਪੁਨਰਗਠਨ ਸਬੰਧੀ ਭੇਜੀਆਂ ਗਈਆਂ ਤਜਵੀਜ਼ਾਂ ਅਨੁਸਾਰ ਸਾਰੇ ਸਟੈਕ ਹੋਲਡਰਾਂ ਨਾਲ ਤਾਲਮੇਲ/ਮੀਟਿੰਗ ਕਰਕੇ ਨਿਯਮਾਂ ਅਨੁਸਾਰ ਹੀ ਚੋਣ ਹਲਕੇ ਬਣਾਏ ਜਾਣ ਲਈ ਪ੍ਰੋਫਾਰਮੇ ਭੇਜੇ ਜਾਣ। ਇਹ ਵੀ ਸਰਟੀਫਿਕੇਟ ਦਿੱਤਾ ਜਾਵੇ ਕਿ ਹਰ ਇਕ ਪੰਚਾਇਤ ਸੰਮਤੀ ਦੇ ਸਮੂਹ ਪਿੰਡ/ਗ੍ਰਾਮ ਸਭਾਵਾਂ ਤਜਵੀਜ਼ ਕੀਤੇ ਚੋਣ ਹਲਕਿਆਂ ਵਿਚ ਸ਼ਾਮਿਲ ਹਨ ਅਤੇ ਕੋਈ ਵੀ ਪਿੰਡ ਜਾਂ ਗ੍ਰਾਮ ਸਭਾ ਖੇਤਰ ਅਜਿਹਾ ਨਹੀਂ ਹੈ ਜੋ ਪੰਚਾਇਤ ਸੰਮਤੀ/ਜ਼ਿਲ੍ਹਾ ਪ੍ਰੀਸ਼ਦ ਦੇ ਚੋਣ ਹਲਕੇ ਵਿਚ ਸ਼ਾਮਿਲ ਹੋਣ ਤੋਂ ਰਹਿ ਗਿਆ ਹੋਵੇ। ਜੇਕਰ ਮਿੱਥੇ ਸਮੇਂ ਵਿਚ ਚੋਣ ਹਲਕਿਆਂ ਸਬੰਧੀ ਤਜਵੀਜ਼ ਨਹੀਂ ਭੇਜੀਆਂ ਜਾਂਦੀਆਂ ਤਾਂ ਉਸ ਅਧਿਕਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।