ਲੋਕ ਸਭਾ ਵਿਚ ਆਪ੍ਰੇਸ਼ਨ ਸੰਧੂਰ ’ਤੇ ਅਮਿਤ ਸ਼ਾਹ ਵਲੋਂ ਸੰਬੋਧਨ

ਨਵੀਂ ਦਿੱਲੀ, 28 ਜੁਲਾਈ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਹਿਲਗਾਮ ਵਿਚ ਪਾਕਿਸਤਾਨ ਵਲੋਂ ਮਾਸੂਮ ਲੋਕਾਂ ਨੂੰ ਮਾਰਿਆ ਗਿਆ। ਭਾਰਤ ਨੇ ਆਪ੍ਰੇਸ਼ਨ ਸੰਧੂਰ ਦੀ ਇਜਾਜ਼ਤ ਦਿੱਤੀ ਅਤੇ ਫੌਜ ਨੇ ਪਾਕਿਸਤਾਨੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਮੈਂ ਇਸ ਦਾ ਜਵਾਬ ਦੇਣ ਲਈ ਖੜ੍ਹਾ ਹੋਇਆ ਹਾਂ। ਉਨ੍ਹਾਂ ਕਿਹਾ ਕਿ ਪਹਿਲਗਾਮ ਵਿੱਚ ਸੈਲਾਨੀਆਂ ਨੂੰ ਉਨ੍ਹਾਂ ਦਾ ਧਰਮ ਪੁੱਛਣ ਤੋਂ ਬਾਅਦ ਬੇਰਹਿਮੀ ਨਾਲ ਮਾਰਿਆ ਗਿਆ, ਮੈਂ ਇਸ ਦੀ ਸਖ਼ਤ ਨਿੰਦਾ ਕਰਦਾ ਹਾਂ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿਚ ਆਪ੍ਰੇਸ਼ਨ ਸੰਧੂਰ ’ਤੇ ਬੋਲਦੇ ਹੋਏ ਪਹਿਲਗਾਮ ਅੱਤਵਾਦੀ ਹਮਲੇ ਵਿਚ ਮਾਰੇ ਗਏ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ। ਇਸ ਤੋਂ ਬਾਅਦ, ਉਨ੍ਹਾਂ ਆਪ੍ਰੇਸ਼ਨ ਸੰਧੂਰ ਅਤੇ ਉਸ ਤੋਂ ਬਾਅਦ ਦੀਆਂ ਘਟਨਾਵਾਂ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਲੋਕਾਂ ਪ੍ਰਤੀ ਵੀ ਸੰਵੇਦਨਾ ਪ੍ਰਗਟ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਪਹਿਲਗਾਮ ਵਰਗੀ ਘਟਨਾ ’ਤੇ ਚਰਚਾ ਹੋਣੀ ਚਾਹੀਦੀ ਹੈ ਅਤੇ ਚਿੰਤਾ ਵੀ ਪੈਦਾ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਮੈਂ ਪੂਰੇ ਦੇਸ਼ ਨੂੰ ਆਪ੍ਰੇਸ਼ਨ ਮਹਾਦੇਵ ਬਾਰੇ ਸੂਚਿਤ ਕਰਨਾ ਚਾਹੁੰਦਾ ਹਾਂ। ਕੱਲ੍ਹ ਸੁਰੱਖਿਆ ਬਲਾਂ ਦੇ ਸਾਂਝੇ ਅਭਿਆਨ ਵਿਚ ਤਿੰਨ ਅੱਤਵਾਦੀ ਮਾਰੇ ਗਏ ਸਨ। ਇਨ੍ਹਾਂ ਵਿਚੋਂ ਸੁਲੇਮਾਨ ਲਸ਼ਕਰ-ਏ-ਤਾਇਬਾ ਦਾ ਕਮਾਂਡਰ ਸੀ ਅਤੇ ਪਹਿਲਗਾਮ ਹਮਲੇ ਵਿਚ ਸ਼ਾਮਿਲ ਸੀ। ਸਾਡੀਆਂ ਏਜੰਸੀਆਂ ਕੋਲ ਇਸ ਦੇ ਸਬੂਤ ਹਨ। ਬਾਕੀ ਦੋ ਅੱਤਵਾਦੀ ਵੀ ਏ ਗ੍ਰੇਡ ਅੱਤਵਾਦੀ ਸਨ। ਮੈਂ ਪੂਰੇ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਤਿੰਨ ਅੱਤਵਾਦੀ ਉਹ ਹੀ ਸਨ, ਜਿਨ੍ਹਾਂ ਨੇ ਬੈਸਰਨ ਘਾਟੀ ਵਿਚ ਸਾਡੇ ਲੋਕਾਂ ਨੂੰ ਮਾਰਿਆ ਸੀ ਅਤੇ ਤਿੰਨੋਂ ਮਾਰੇ ਗਏ ਹਨ।