ਨਸ਼ਾ ਤਸਕਰ ਹੈਰੋਇਨ ਸਣੇ ਕਾਬੂ

ਮਾਛੀਵਾੜਾ ਸਾਹਿਬ, 29 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਲੰਘੀ ਰਾਤ ਨੇੜਲੇ ਪਿੰਡ ਸ਼ੇਰਪੁਰ ਵਿਖੇ ਇਕ ਨਸ਼ਾ ਤਸਕਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਦੇਖੀ ਜਾ ਰਹੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਮਾਜ ਸੇਵੀ ਗੁਰਿੰਦਰ ਸਿੰਘ ਨੂਰਪੁਰ ਅਤੇ ਤਾਰਾ ਚੰਦ ਸੰਧੂ ਚਮਕੌਰ ਸਾਹਿਬ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਥੀਆਂ ਸਮੇਤ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੁਲਿਸ ਨੂੰ ਮੌਕੇ ’ਤੇ ਬੁਲਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਚਮਕੌਰ ਸਾਹਿਬ ਤੋਂ ਕੁਝ ਨੌਜਵਾਨ ਚਿੱਟਾ ਲਗਾਉਣ ਦੇ ਆਦੀ ਹੋ ਗਏ ਸਨ ਜੋ ਕਿ ਇਸ ਨੂੰ ਛੱਡਣਾ ਚਾਹੁੰਦੇ ਸਨ। ਉਨ੍ਹਾਂ ਇਸ ਸਬੰਧੀ ਸਮਾਜ ਸੇਵੀ ਤਾਰਾ ਚੰਦ ਸੰਧੂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਸਾਨੂੰ ਨਸ਼ਾ ਤਸਕਰਾਂ ਦੇ ਨਾਂਅ ਦੱਸੋ ਤਾਂ ਜੋ ਅਸੀਂ ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਸਕੀਏ। ਇਸ ਤੋਂ ਬਾਅਦ ਵਿਉਂਤਬੰਦੀ ਬਣਾ ਕੇ ਉਨ੍ਹਾਂ ਨਸ਼ਾ ਤਸਕਰਾਂ ਨੂੰ ਫੋਨ ਲਗਾ ਕੇ ਬੁਲਾਇਆ ਜਿਨ੍ਹਾਂ ਨੂੰ ਚਿੱਟੇ ਸਮੇਤ ਕਾਬੂ ਕਰ ਲਿਆ ਗਿਆ। ਉਕਤ ਸਮਾਜ ਸੇਵੀਆਂ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਵੀ ਇਸ ਘਟਨਾ ਤੋਂ ਜਾਣੂ ਕਰਵਾਇਆ।