ਮੂਸੇਵਾਲਾ ਹੱਤਿਆ ਮਾਮਲੇ 'ਚ ਬਲਕੌਰ ਸਿੰਘ ਸਿੱਧੂ ਕਿਸੇ ਕਾਰਨ ਗਵਾਹੀ ਦੇਣ ਨਹੀਂ ਪੁੱਜੇ, ਅਗਲੀ ਤਰੀਕ ਪਈ

ਮਾਨਸਾ, 25 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਮਨਿੰਦਰਜੀਤ ਸਿੰਘ ਦੀ ਅਦਾਲਤ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਹੱਤਿਆ ਮਾਮਲੇ ’ਚ ਅਗਲੀ ਸੁਣਵਾਈ 22 ਅਗਸਤ ’ਤੇ ਪਾ ਦਿੱਤੀ ਹੈ। ਕੇਸ ਗਵਾਹੀਆਂ ’ਤੇ ਲੱਗਿਆ ਹੋਇਆ ਹੈ। ਅੱਜ ਫਿਰ ਕਿਸੇ ਕਾਰਨ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਗਵਾਹੀ ਦੇਣ ਨਹੀਂ ਪਹੁੰਚੇ। ਗੈਂਗਸਟਰ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੁਰੀਆ ਤੇ ਕਈ ਹੋਰਾਂ ਨੇ ਜਿਥੇ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਭੁਗਤੀ, ਉਥੇ ਤਿਹਾੜ ਜੇਲ੍ਹ ’ਚ ਬੰਦ ਸ਼ੂਟਰ ਦੀਪਕ ਟੀਨੂੰ ਤੇ ਕਪੂਰਥਲਾ ਜੇਲ੍ਹ ’ਚ ਬੰਦ ਪ੍ਰਭਦੀਪ ਤੇ ਮਨਪ੍ਰੀਤ ਭਾਊ ਨੂੰ ਵੀ.ਸੀ. ਰਾਹੀਂ ਪੇਸ਼ ਨਹੀਂ ਕੀਤਾ ਜਾ ਸਕਿਆ, ਜਿਸ ਕਰਕੇ ਅਦਾਲਤ ’ਚ ਪਹੁੰਚੇ 3 ਸਰਕਾਰੀ ਗਵਾਹਾਂ ਦੀ ਗਵਾਹੀ ਨਾ ਹੋ ਸਕੀ। ਮੂਸੇਵਾਲਾ ਪਰਿਵਾਰ ਦੇ ਵਕੀਲ ਸਤਿੰਦਰਪਾਲ ਸਿੰਘ ਮਿੱਤਲ ਨੇ ਦੱਸਿਆ ਕਿ ਮਾਣਯੋਗ ਅਦਾਲਤ ਨੇ ਅਗਲੇਰੀ ਪੇਸ਼ੀ ਉਕਤ ਮਿਤੀ ’ਤੇ ਪਾਉਂਦਿਆਂ ਗਵਾਹੀਆਂ ਲਈ ਮੁੜ ਸੰਮਨ ਜਾਰੀ ਕੀਤੇ ਹਨ।