JALANDHAR WEATHER

ਗਲੀਆਂ ਦੇ ਨਾਵਾਂ ਨੂੰ ਦਰਸਾਉਂਦੇ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਕੀਤਾ ਜਾ ਰਿਹਾ ਗ਼ਾਇਬ

ਮੋਗਾ, 18 ਜੁਲਾਈ (ਗੁਰਤੇਜ ਸਿੰਘ ਬੱਬੀ)-ਨਗਰ ਨਿਗਮ ਮੋਗਾ ਅਧੀਨ ਕਰੀਬ 50 ਵਾਰਡ ਆਉਂਦੇ ਹਨ ਤੇ ਹਰੇਕ ਵਾਰਡ 'ਚ ਉੱਥੋਂ ਦੇ ਕੌਂਸਲਰਾਂ ਦੀ ਅਗਵਾਈ 'ਚ ਗਲੀਆਂ ਨੂੰ ਦਰਸਾਉਂਦੇ ਸਾਈਨ ਬੋਰਡ ਲਗਾਏ ਜਾ ਰਹੇ ਹਨ ਪਰ ਇਨ੍ਹਾਂ ਸਾਈਨ ਬੋਰਡਾਂ 'ਚ ਮੁਹੱਲਿਆਂ ਦਾ ਨਾਂਅ ਗ਼ਾਇਬ ਕਰਨ 'ਤੇ ਮੁਹੱਲਾ ਵਾਸੀਆਂ 'ਚ ਵੱਡਾ ਰੋਸ ਪਾਇਆ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤੋਂ ਮਿਲਦੀ ਹੈ ਜਿਥੇ ਸਾਈਨ ਬੋਰਡ ਤਾਂ ਲਗਾ ਦਿੱਤੇ ਗਏ ਪਰ ਉਸ 'ਚੋਂ ਮੁਹੱਲੇ ਦਾ ਨਾਂਅ ਗ਼ਾਇਬ ਕਰ ਦਿੱਤਾ ਗਿਆ ਹੈ | ਮੁਹੱਲਾ ਵਾਸੀਆਂ ਦਾ ਆਖਣਾ ਹੈ ਕਿ ਅਸੀਂ ਆਪਣੇ ਨਗਰ ਦਾ ਨਾਂਅ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹਿਜ਼ਾਦੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਨਾਂਅ 'ਤੇ ਰੱਖਿਆ ਸੀ ਤੇ ਸਾਈਨ ਬੋਰਡਾਂ 'ਚੋਂ ਮੁਹੱਲੇ ਦਾ ਨਾਂਅ ਗ਼ਾਇਬ ਹੋਣ ਨਾਲ ਉਨ੍ਹਾਂ ਨੂੰ ਧਾਰਮਿਕ ਤੌਰ 'ਤੇ ਵੀ ਵੱਡਾ ਦੁੱਖ ਲੱਗਾ ਹੈ | ਇਸ ਸੰਬੰਧੀ ਉਨ੍ਹਾਂ ਨੇ ਵਾਰਡ ਦੇ ਕੌਂਸਲਰ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਇਹ ਕਹਿ ਕੇ ਟਾਲ ਦਿੱਤਾ ਕਿ ਬੋਰਡਾਂ 'ਚ ਜਗ੍ਹਾ ਘੱਟ ਹੋਣ ਕਰ ਕੇ ਮੁਹੱਲੇ ਦਾ ਨਾਂਅ ਰਹਿ ਗਿਆ ਹੈ ਜੋ ਕਿ ਇਕ ਪੁਖ਼ਤਾ ਤੇ ਤਸੱਲੀਬਖ਼ਸ਼ ਜਵਾਬ ਨਹੀਂ ਸੀ | ਮਾਜਰਾ ਇਥੋਂ ਤੱਕ ਹੀ ਸੀਮਤ ਨਹੀਂ, ਸਾਈਨ ਬੋਰਡਾਂ ਉੱਪਰ ਜੋ ਪੰਜਾਬੀ 'ਚ ਗਲੀਆਂ ਦੇ ਨਾਂਅ ਲਿਖੇ ਗਏ ਹਨ ਉਨ੍ਹਾਂ ਵਿਚ ਵੀ ਜਗ੍ਹਾ-ਜਗ੍ਹਾ 'ਤੇ ਗ਼ਲਤੀਆਂ ਨਜ਼ਰ ਆਉਂਦੀਆਂ ਹਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਇਨ੍ਹਾਂ ਬੋਰਡਾਂ ਨੂੰ ਲਿਖਣ ਸਮੇਂ ਮਾਂ-ਬੋਲੀ ਪੰਜਾਬੀ ਦਾ ਬਿਲਕੁਲ ਖ਼ਿਆਲ ਨਹੀਂ ਰੱਖਿਆ ਤੇ ਇਹ ਵਰਤਾਰਾ ਪੰਜਾਬੀ ਮਾਂ-ਬੋਲੀ ਨਾਲ ਵਿਤਕਰੇ ਵਾਲਾ ਹੈ | ਜੇਕਰ ਇਨ੍ਹਾਂ ਬੋਰਡਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੌਂਸਲਰਾਂ ਅਨੁਸਾਰ ਨਗਰ ਨਿਗਮ ਮੋਗਾ ਨੇ ਇਕ ਬੋਰਡ ਦੀ ਕੀਮਤ ਟੈਂਡਰ 'ਚ 8 ਹਜ਼ਾਰ ਹੋਣ ਦੀ ਗੱਲ ਕਹੀ ਹੈ ਜੋ ਕਿ ਕਿਸੇ ਵੀ ਹੱਦ ਤੱਕ ਲਗਾਏ ਜਾਣ ਵਾਲੇ ਸਾਈਨ ਬੋਰਡ 8 ਹਜ਼ਾਰ ਕੀਮਤ ਦੇ ਨਹੀਂ ਲੱਗਦੇ ਤੇ ਜੇਕਰ ਨਗਰ ਨਿਗਮ ਦੇ ਉੱਚ ਅਧਿਕਾਰੀ ਇਸ ਮਾਮਲੇ ਵੱਲ ਤਵੱਜੋ ਦੇਣ ਤਾਂ ਇਕ ਵੱਡਾ ਘਪਲਾ ਸਾਹਮਣੇ ਆਉਣ ਦੀ ਸੰਭਾਵਨਾ ਹੈ ਕਿਉਂਕਿ ਨਗਰ ਨਿਗਮ ਮੋਗਾ ਤੇ ਇਸ ਨਾਲ ਜੁੜੇ ਹੋਏ ਠੇਕੇਦਾਰ ਪਹਿਲਾਂ ਹੀ ਵੱਡੀਆਂ ਜਾਂਚ ਦਾ ਸਾਹਮਣਾ ਕਰ ਰਹੇ ਹਨ | ਗੌਰਤਲਬ ਹੈ ਕਿ ਨਗਰ ਨਿਗਮ ਮੋਗਾ ਲੋਕਾਂ ਵਲੋਂ ਭਰੇ ਟੈਕਸ ਤੇ ਪੰਜਾਬ ਸਰਕਾਰ ਦੇ ਪੈਸੇ ਨਾਲ ਚੱਲ ਰਿਹਾ ਹੈ | ਜੇਕਰ ਅਜਿਹੇ ਬੋਰਡਾਂ ਦੀ ਕੀਮਤ 8 ਹਜ਼ਾਰ ਮਾਪੀ ਗਈ ਹੈ ਤਾਂ ਇਹ ਲੋਕਾਂ ਦੇ ਪੈਸੇ ਨਾਲ ਇਕ ਵੱਡੇ ਖਿਲਵਾੜ ਦੇ ਬਰਾਬਰ ਹੈ ਤੇ ਇਸ ਦੀ ਵੀ ਉੱਚ ਪੱਧਰੀ ਜਾਂਚ ਦੀ ਲੋੜ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ