JALANDHAR WEATHER

ਉੱਜੜ ਰਿਹਾ ਸ਼ੇਰ-ਏ-ਪੰਜਾਬ ਦੁਆਰਾ ਲਗਾਇਆ ਰਾਮ ਬਾਗ

ਸਿੱਖ ਰਾਜ ਵੇਲੇ ਪੰਜਾਬ ਦਾ ਸਭ ਤੋਂ ਖ਼ੂਬਸੂਰਤ ਐਲਾਨਿਆ ਬਾਗ ਜੰਗਲੀ ਝਾੜੀਆਂ 'ਚ ਘਿਰਿਆ
ਅੰਮਿ੍ਤਸਰ, 18 ਜੁਲਾਈ (ਸੁਰਿੰਦਰ ਕੋਛੜ)-ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਵਲੋਂ ਅੰਮਿ੍ਤਸਰ 'ਚ ਗੁਰੂ ਰਾਮਦਾਸ ਜੀ ਦੇ ਨਾਂਅ 'ਤੇ 84 ਏਕੜ ਭੂਮੀ 'ਚ ਲਗਾਇਆ ਗਿਆ ਰਾਮ ਬਾਗ (ਕੰਪਨੀ ਬਾਗ ਨਾਂਅ ਨਾਲ ਮਸ਼ਹੂਰ) ਸੂਬਾ ਤੇ ਕੇਂਦਰ ਸਰਕਾਰ ਦੇ ਵਿਰਾਸਤ ਅਤੇ ਪੁਰਾਤਤਵ ਵਿਭਾਗ ਦੀ ਨਜ਼ਰ-ਅੰਦਾਜ਼ੀ ਦੇ ਚੱਲਦਿਆਂ ਉੱਜੜਦਾ ਜਾ ਰਿਹਾ ਹੈ | ਸਿੱਖ ਰਾਜ ਵੇਲੇ ਪੰਜਾਬ ਦੇ ਸਭ ਬਾਗਾਂ ਤੋਂ ਖ਼ੂਬਸੂਰਤ ਤੇ ਆਲੀਸ਼ਾਨ ਐਲਾਨੇ ਗਏ ਰਾਮ ਬਾਗ ਦਾ ਵੱਡਾ ਹਿੱਸਾ ਇਸ ਵੇਲੇ ਉੱਚੀਆਂ ਤੇ ਸੰਘਣੀਆਂ ਜੰਗਲੀ ਝਾੜੀਆਂ 'ਚ ਘਿਰਿਆ ਹੋਇਆ ਹੈ ਤੇ ਇਸ ਦੇ ਅੰਦਰ ਘੁੰਮਦੇ ਆਵਾਰਾ ਕੁੱਤਿਆਂ ਦੇ ਝੁੰਡ ਆਮ ਵੇਖੇ ਜਾ ਸਕਦੇ ਹਨ | ਇਸ ਤੋਂ ਇਲਾਵਾ ਇਸ ਦੋ ਸਦੀਆਂ ਤੋਂ ਵੱਧ ਪੁਰਾਣੇ ਇਤਿਹਾਸਕ ਤੇ ਵਿਰਾਸਤੀ ਬਾਗ 'ਚ ਜਗ੍ਹਾ-ਜਗ੍ਹਾ ਗੰਦਗੀ ਦੇ ਢੇਰ ਵੀ ਲੱਗੇ ਹੋਏ ਹਨ | ਇਤਿਹਾਸਕ ਦਸਤਾਵੇਜ਼ਾਂ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਦੇ ਦਿਹਾਂਤ ਦੇ ਬਾਅਦ ਸਿੱਖ ਦਰਬਾਰ ਦੇ ਕੁਝ ਪ੍ਰਮੁੱਖ ਸਰਦਾਰਾਂ ਤੇ ਅੰਗਰੇਜ਼ ਅਧਿਕਾਰੀਆਂ ਨੇ ਇਸ ਬਾਗ 'ਚ ਬੇਢੰਗੇ ਢੰਗ ਨਾਲ ਆਪਣੇ ਘਰ ਬਣਾ ਕੇ ਬਾਗ ਦੀ ਨੁਹਾਰ ਵਿਗਾੜ ਦਿੱਤੀ | ਜਿਸ ਦੇ ਚੱਲਦਿਆਂ ਉਸ ਦੌਰਾਨ ਇੱਥੇ ਪਹੁੰਚੇ ਕੁਝ ਅੰਗਰੇਜ਼ ਯਾਤਰੂ ਲੇਖਕਾਂ ਵਲੋਂ ਰਾਮ ਬਾਗ ਨੂੰ 'ਜੰਗਲ ਮਹਿਲ' ਦਾ ਨਾਂਅ ਦਿੱਤਾ ਗਿਆ | ਅੰਗਰੇਜ਼ੀ ਸ਼ਾਸਨ ਦੇ ਬਾਅਦ ਮੌਜੂਦਾ ਸੰਬੰਧਿਤ ਵਿਭਾਗਾਂ ਵਲੋਂ ਰਾਮ ਬਾਗ ਦੇ ਨਾਲ-ਨਾਲ ਇਸ ਦੇ ਇਤਿਹਾਸਕ ਸਮਾਰਕਾਂ ਨੂੰ ਇਕ ਵਾਰ ਫਿਰ ਤੋਂ ਅਣਗੌਲਿਆ ਕੀਤਾ ਜਾ ਰਿਹਾ ਹੈ | ਸੂਬਾ ਸਰਕਾਰ ਦੇ ਸੈਰ-ਸਪਾਟਾ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਰਾਮ ਬਾਗ ਇਕ ਵਾਰ ਫਿਰ ਤੋਂ 'ਜੰਗਲ ਮਹਿਲ' 'ਚ ਤਬਦੀਲ ਹੁੰਦਾ ਜਾ ਰਿਹਾ ਹੈ | ਪੁਰਾਤਤਵ ਵਿਭਾਗ ਵਲੋਂ ਸੁਰੱਖਿਅਤ ਸਮਾਰਕ ਐਲਾਨੇ ਜਾ ਚੁਕੇ ਰਾਮ ਬਾਗ ਦੀ ਮੌਜੂਦਾ ਹਾਲਤ ਇਹ ਸਪੱਸ਼ਟ ਕਰ ਦਿੰਦੀ ਹੈ ਕਿ ਸੂਬਾ ਸਰਕਾਰ ਦੇ ਸੈਰ ਸਪਾਟਾ ਮੰਤਰਾਲੇ ਵਲੋਂ ਇਨ੍ਹਾਂ ਸਮਾਰਕਾਂ ਨੂੰ ਸਹੇਜਣ ਦੇ ਕੀਤੇ ਦਾਅਵੇ ਪੂਰੀ ਤਰ੍ਹਾਂ ਖੋਖਲੇ ਸਾਬਤ ਹੋਏ ਹਨ | ਮੁਨਸ਼ੀਖਾਨਾ ਸਮੇਤ ਬਾਗ ਦੀਆਂ ਹੋਰ ਡਿਊੜ੍ਹੀਆਂ, ਬਾਗ ਵਿਚਲੇ ਜਨਰਲ ਵੈਨਤੁਰਾ ਦੁਆਰਾ ਬਣਾਏ ਰਾਇਲ ਸਵਿਮਿੰਗ ਪੂਲ, ਵੀਰ ਚੱਕਰ ਵਿਜੇਤਾ ਸ਼ਹੀਦ ਮੇਜਰ ਲਲਿਤ ਮੋਹਨ ਭਾਟੀਆ ਦੇ ਬੁੱਤ ਵਾਲਾ ਥੜ੍ਹਾ, ਸੁਰੱਖਿਆ ਬੁਰਜੀਆਂ ਸਮੇਤ ਹੋਰਨਾਂ ਸਮਾਰਕਾਂ ਦੀ ਕਰੋੜਾਂ ਰੁਪਏ ਦੀ ਲਾਗਤ ਨਾਲ ਕੀਤੀ ਨਵਉਸਾਰੀ ਤੇ ਸੁੰਦਰੀਕਰਨ ਦਾ ਕੰਮ ਰੱਖ-ਰਖਾਅ ਦੀ ਘਾਟ ਕਾਰਨ ਬਦਤਰ ਹਾਲਤ 'ਚ ਪਹੁੰਚ ਚੁੱਕਿਆ ਹੈ | ਇਸ ਇਤਿਹਾਸਕ ਬਾਗ ਦੇ ਅੱਧ ਵਿਚਕਾਰ ਮਹਾਰਾਜਾ ਦੁਆਰਾ ਆਪਣੀ ਰਿਹਾਇਸ਼ ਲਈ ਸੰਨ 1819 'ਚ ਉਸਾਰੇ ਆਲੀਸ਼ਾਨ ਸਮਰ ਪੈਲੇਸ (ਗਰਮੀਆਂ ਦੇ ਮਹਿਲ) ਨੂੰ ਜਾਣ ਵਾਲੇ ਰਸਤਿਆਂ ਦੀ ਹਾਲਤ ਵੀ ਤਰਸਯੋਗ ਬਣੀ ਹੋਈ ਹੈ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ