JALANDHAR WEATHER

ਬਰਲਟਨ ਪਾਰਕ 'ਚ ਲੱਗੇ ਕਾਰਨੀਵਲ ਲਈ ਨਿਗਮ ਵਲੋਂ ਕੀਤੀ ਜਾ ਰਹੀ ਫ਼ੀਸ ਵਸੂਲੀ ਨੂੰ ਲੈ ਕੇ ਉੱਠੇ ਸਵਾਲ

ਜਲੰਧਰ, 18 ਜੁਲਾਈ (ਸ਼ਿਵ) - ਬਰਲਟਨ ਪਾਰਕ ਵਿਚ ਲੱਗੇ ਕਾਰਨੀਵਲ ਤੋਂ ਨਗਰ ਨਿਗਮ ਵਲੋਂ ਵਸੂਲੀ ਗਈ ਫ਼ੀਸ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਉੱਤਰੀ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਬਾਵਾ ਹੈਨਰੀ ਨੇ ਆਪਣਾ ਇਕ ਬਿਆਨ ਜਾਰੀ ਕਰਕੇ ਦੋਸ਼ ਲਗਾਏ ਹਨ ਕਿ ਨਿਗਮ ਵਲੋਂ ਬਰਲਟਨ ਪਾਰਕ ਵਿਚ ਲੱਗੇ ਕਾਰਨੀਵਲ ਤੋਂ ਘੱਟ ਫ਼ੀਸ ਵਸੂਲੀ ਕੀਤੀ ਗਈ ਹੈ ਤੇ ਨਿਗਮ ਨੂੰ ਚਾਹੀਦਾ ਹੈ ਕਿ ਇਹ ਫ਼ੀਸ ਵਸੂਲੀ ਪੂਰੀ ਲੈਣ ਤੋਂ ਇਲਾਵਾ ਘੱਟ ਫ਼ੀਸ ਵਸੂਲੀ ਕਰਨ ਵਾਲੇ ਅਫ਼ਸਰਾਂ ਦੀ ਇਸ ਮਾਮਲੇ ਵਿਚ ਜਵਾਬਤਲਬੀ ਕੀਤੀ ਜਾਵੇ | ਵਿਧਾਇਕ ਬਾਵਾ ਹੈਨਰੀ ਨੇ ਇਸ ਮਾਮਲੇ ਵਿਚ ਕਿਹਾ ਕਿ ਬਰਲਟਨ ਪਾਰਕ ਵਿਚ ਲੱਗੇ ਕਾਰਨੀਵਲ/ਸਰਕਸ ਤੋਂ ਨਿਗਮ ਨੇ 5000 ਸਕੇਅਰ ਫੁੱਟ ਜਗ੍ਹਾ ਸਿਰਫ਼ 5 ਰੁਪਏ ਫੁੱਟ ਹਿਸਾਬ ਨਾਲ ਦਿੱਤੀ ਹੈ | ਇਸ ਦਰ ਨਾਲ ਰੋਜ਼ਾਨਾ ਦੀ 25000 ਰੁਪਏ ਬਣ ਜਾਂਦਾ ਹੈ ਜਿਹੜਾ ਕਿ 44 ਦਿਨ ਦੀ ਫ਼ੀਸ 11 ਲੱਖ ਰੁਪਏ ਦੇ ਕਰੀਬ ਜਮ੍ਹਾਂ ਕਰਵਾਈ ਗਈ ਹੈ ਜਦਕਿ ਇਹੋ ਬਰਲਟਨ ਪਾਰਕ ਦੀ ਜਗ੍ਹਾ ਧਾਰਮਿਕ ਦੀਵਾਲੀ ਤਿਉਹਾਰ 'ਤੇ ਪਟਾਕੇ ਲਗਾਉਣ ਵਾਲਿਆਂ ਤੋਂ 10 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਵਸੂਲੀ ਕੀਤੀ ਜਾਂਦੀ ਹੈ | ਬਾਵਾ ਹੈਨਰੀ ਨੇ ਕਿਹਾ ਕਿ ਪਿਛਲੇ ਸਾਲ ਦੀਵਾਲੀ ਨੂੰ ਪਟਾਕਾ ਕਾਰੋਬਾਰੀਆਂ ਤੋਂ ਨਿਗਮ ਨੇ 12 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਫ਼ੀਸ ਲਗਾ ਦਿੱਤੀ ਸੀ ਤਾਂ ਉਸ ਵੇਲੇ ਪਟਾਕਾ ਕਾਰੋਬਾਰੀ ਇਕੱਠੇ ਹੋ ਕੇ ਉਨ੍ਹਾਂ ਕੋਲ ਆਏ ਸੀ ਤਾਂ ਉਨ੍ਹਾਂ ਦੇ ਦਖ਼ਲ ਤੋਂ ਬਾਅਦ ਵੀ ਨਿਗਮ ਨੇ ਸਿਰਫ਼ 2 ਰੁਪਏ ਘਟਾ ਕੇ 10 ਰੁਪਏ ਪ੍ਰਤੀ ਸਕੇਅਰ ਫੁੱਟ ਦੇ ਹਿਸਾਬ ਨਾਲ ਫ਼ੀਸ ਜਮ੍ਹਾਂ ਕਰਵਾਉਣ ਲਈ ਕਿਹਾ ਸੀ | 1 ਲੱਖ 20 ਹਜ਼ਾਰ ਸਕੇਅਰ ਫੁੱਟ ਤੋਂ ਉੱਪਰ ਜਗ੍ਹਾ ਦਿੱਤੀ ਗਈ ਹੈ, 12 ਲੱਖ ਰੁਪਏ ਰੋਜ਼ ਦਾ ਬਣਦਾ ਹੈ | ਇਸ ਹਿਸਾਬ ਨਾਲ 44 ਦਿਨ ਦੀ ਫ਼ੀਸ ਕਰੀਬ 5.28 ਕਰੋੜ ਬਣ ਜਾਂਦੀ ਹੈ | ਬਾਵਾ ਹੈਨਰੀ ਨੇ ਨਿਗਮ ਪ੍ਰਸ਼ਾਸਨ ਤੋਂ ਸਵਾਲ ਕਰਦਿਆਂ ਕਿਹਾ ਹੈ ਕਿ ਪਟਾਕਾ ਕਾਰੋਬਾਰੀਆਂ ਤੇ ਕਾਰਨੀਵਲ ਵਾਲਿਆਂ ਲਈ ਅਲੱਗ-ਅਲੱਗ ਫ਼ੀਸਾਂ ਕਿਉਂ ਰੱਖੀਆਂ ਗਈਆਂ ਹਨ | ਉਨ੍ਹਾਂ ਦੋਸ਼ ਲਗਾਇਆ ਕਿ ਤਹਿਬਾਜ਼ਾਰੀ ਵਿਭਾਗ ਵਲੋਂ ਘੱਟ ਫ਼ੀਸ ਲਗਾਉਣ ਕਰਕੇ ਨਿਗਮ ਨੂੰ ਇਸ ਦਾ ਵਿੱਤੀ ਨੁਕਸਾਨ ਹੋਇਆ ਹੈ ਜਦਕਿ ਨਿਗਮ ਕਈ ਵਾਰ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹਾਂ ਦੇਣ ਲਈ ਵੀ ਫ਼ੰਡਾਂ ਕਰਕੇ ਤਰਸ ਜਾਂਦਾ ਹੈ ਪਰ ਇਸ ਤਰ੍ਹਾਂ ਨਾਲ ਆਪਣੀਆਂ ਕਰੋੜਾਂ ਦੀਆਂ ਫ਼ੀਸਾਂ ਛੱਡੀਆਂ ਜਾ ਰਹੀਆਂ ਹਨ |

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ