ਡੇਰਾਬੱਸੀ ਦੀ ਮਹਿਲਾ ਜੱਜ ਦੇ ਗੰਨਮੈਨ ਦੀ ਸ਼ੱਕੀ ਹਾਲਤ ਵਿਚ ਮੌਤ, ਖ਼ੁਦਕੁਸ਼ੀ ਦਾ ਖ਼ਦਸ਼ਾ

ਡੇਰਾਬੱਸੀ, 16 ਜੁਲਾਈ (ਗੁਰਮੀਤ ਸਿੰਘ)- ਡੇਰਾਬੱਸੀ ਦੀ ਜੱਜ ਦੀ ਸੁਰੱਖਿਆ ਵਿਚ ਲੱਗੇ ਸਰਕਾਰੀ ਗੰਨਮੈਨ ਦੀ ਲਾਸ਼ ਗੱਡੀ 'ਚੋਂ ਮਿਲਣ 'ਤੇ ਸਨਸਨੀ ਫੈਲ ਗਈ। ਮੱਥੇ ਵਿਚ ਗੋਲੀ ਲੱਗੀ ਹੋਣ ਤੇ ਖ਼ੁਦਕੁਸ਼ੀ ਦਾ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਲਾਸ਼ ਕਬਜ਼ੇ ਵਿਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ 36 ਸਾਲਾਂ ਹਰਜੀਤ ਸਿੰਘ ਵਾਸੀ ਪਿੰਡ ਸੁੰਡਰਾ ਡੇਰਾਬੱਸੀ ਵਜੋ ਹੋਈ ਹੈ। ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਦੱਸਿਆ ਕਿ ਡੇਰਾਬੱਸੀ ਕੋਰਟ ਦੀ ਜੱਜ ਸਾਹਿਬਾਨ ਡੇਰਾਬੱਸੀ ਏ. ਟੀ. ਐਸ. ਵਿਲਾ ਵਿਚ ਰਹਿੰਦੇ ਹਨ। ਉਕਤ ਮੁਲਾਜ਼ਮ ਉਨ੍ਹਾਂ ਨਾਲ ਤਾਇਨਾਤ ਸੀ। ਦੇਰ ਸ਼ਾਮ ਇਕ ਚੰਡੀਗੜ੍ਹ ਦਾ ਪੁਲਿਸ ਮੁਲਾਜ਼ਮ ਉਕਤ ਸੋਸਾਇਟੀ ਵਿਚ ਆਇਆ ਸੀ ਜਿਸ ਨੇ ਇਕ ਪਾਸੇ ਗੱਡੀ ਖੜ੍ਹੀ ਵੇਖੀ ਜੋ ਸਟਾਰਟ ਖੜ੍ਹੀ ਸੀ।
ਉਸ ਨੇ ਨੇੜੇ ਜਾ ਕੇ ਵੇਖਿਆ ਗੱਡੀ ਵਿਚ ਖ਼ੂਨ ਨਾਲ ਲੱਥਪੱਥ ਲਾਸ਼ ਪਈ ਸੀ, ਜਿਸ ਦੇ ਮੱਥੇ ਵਿਚ ਗੋਲੀ ਲੱਗੀ ਹੋਈ ਸੀ। ਇਸ ਦੀ ਸੂਚਨਾ ਉਸ ਵਲੋਂ ਪੁਲਿਸ ਨੂੰ ਦਿੱਤੀ ਗਈ, ਜਿਸ ਮਗਰੋਂ ਉਹ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾ ਦੱਸਿਆ ਕਿ ਘਟਨਾ ਵਾਲੀ ਥਾਂ ਜੱਜ ਸਾਹਿਬ ਦੀ ਕੋਠੀ 200 ਮੀਟਰ ਦੂਰ ਸੀ। ਮੌਕੇ 'ਤੇ ਪਹੁੰਚੇ ਤਾਂ ਗੱਡੀ ਅੰਦਰੋਂ ਲਾਕ ਕੀਤੀ ਹੋਈ ਸੀ, ਜੋ ਸਟਾਰਟ ਖੜ੍ਹੀ ਸੀ। ਗੱਡੀ ਦਾ ਸ਼ੀਸ਼ਾ ਤੋੜ ਕੇ ਗੱਡੀ ਖੋਲ੍ਹੀ ਗਈ। ਲਾਸ਼ ਦੇ ਨੇੜੇ ਸਰਕਾਰੀ ਪਿਸਤੌਲ 9 ਐਮ. ਐਮ. ਦੀ ਵੀ ਬਰਾਮਦ ਹੋਈ ਹੈ , ਜਿਸ ਨਾਲ ਗੋਲੀ ਮਾਰੀ ਗਈ ਹੈ। ਡੀ. ਐਸ. ਪੀ. ਬਿਕਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਮ੍ਰਿਤਕ ਮੁਲਾਜ਼ਮ 2 ਵਜੇ ਜੱਜ ਦੇ ਬੱਚਿਆ ਨੂੰ ਛੱਡਣ ਘਰ ਆਇਆ ਅਤੇ ਕਰੀਬ 4 ਵਜੇ ਜੱਜ ਸਾਹਿਬ ਨੂੰ ਡੇਰਾਬੱਸੀ ਅਦਾਲਤ ਵਿਚ ਲੈਣ ਲਈ ਪਹੁੰਚ ਜਾਂਦਾ ਸੀ ਜੋਂ ਅੱਜ ਨਹੀਂ ਪਹੁੰਚਿਆ।
ਪੁਲਿਸ ਮੁਤਾਬਿਕ ਮੌਕੇ ਦੇ ਹਾਲਾਤ ਵੇਖ ਜਾਪਦਾ ਹੈ ਕਿ ਮ੍ਰਿਤਕ ਮੁਲਾਜਮ ਪੱਗ ਬੰਨ੍ਹਦਾ ਸੀ ਜਿਸ ਦੇ ਚੱਲਦੇ ਉਸ ਨੇ ਮੱਥੇ ਵਿਚ ਸਾਹਮਣੇ ਆਪਣੇ ਆਪਣੇ ਨੂੰ ਗੋਲੀ ਮਾਰੀ ਹੈ। ਮੌਕੇ 'ਤੇ ਗੱਡੀ ਅੰਦਰੋਂ ਬੰਦ ਸੀ। ਹਾਲਾਤ ਵੇਖ ਪਤਾ ਲਗਦਾ ਹੈ ਕਿ ਮਾਮਲਾ ਖ਼ੁਦਕੁਸ਼ੀ ਦਾ ਹੈ। ਮੌਕੇ 'ਤੇ ਫੋਰੈਂਸਿਕ ਟੀਮ ਬੁਲਾ ਸੈਂਪਲ ਲੈ ਲਏ ਗਏ ਹਨ। ਫਿਲਹਾਲ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ। ਮੋਬਾਈਲ ਕਬਜ਼ੇ ਵਿਚ ਲੈ ਲਿਆ ਹੈ, ਜਾਂਚ ਜਾਰੀ ਹੈ।