ਅਮਰੀਕਾ ’ਚ ਆਇਆ 7.3 ਤੀਬਰਤਾ ਦਾ ਭੁਚਾਲ

ਵਾਸ਼ਿੰਗਟਨ, 17 ਜੁਲਾਈ- ਅਮਰੀਕੀ ਰਾਜ ਅਲਾਸਕਾ ਵਿਚ ਅੱਜ ਸਵੇਰੇ 2 ਵਜੇ ਦੇ ਕਰੀਬ (ਭਾਰਤੀ ਸਮੇਂ ਅਨੁਸਾਰ) ਭੁਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ’ਤੇ ਇਸ ਦੀ ਤੀਬਰਤਾ 7.3 ਸੀ। ਇਸ ਤੋਂ ਬਾਅਦ, ਰਾਜ ਦੇ ਤੱਟਵਰਤੀ ਖੇਤਰਾਂ ਵਿਚ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਹਾਲਾਂਕਿ, ਕੁਝ ਘੰਟਿਆਂ ਬਾਅਦ ਇਸ ਨੂੰ ਵਾਪਸ ਲੈ ਲਿਆ ਗਿਆ।
ਨੈਸ਼ਨਲ ਸੈਂਟਰ ਫਾਰ ਸੀਸਮੌਲੋਜੀ (ਐਨਸੀਐਸ) ਦੇ ਅਨੁਸਾਰ, ਭੁਚਾਲ ਅਲਾਸਕਾ ਦੇ ਪੋਪੋਫ ਟਾਪੂ ’ਤੇ ਸੈਂਡ ਪੁਆਇੰਟ ਦੇ ਨੇੜੇ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 36 ਕਿਲੋਮੀਟਰ ਹੇਠਾਂ ਸੀ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਲਾਸਕਾ ਭੂਚਾਲ ਏਜੰਸੀ ਦੇ ਅਨੁਸਾਰ, ਇਥੇ ਇਕ ਹਫ਼ਤੇ ਵਿਚ ਲਗਭਗ 400 ਭੁਚਾਲ ਦਰਜ ਕੀਤੇ ਗਏ। ਸਭ ਤੋਂ ਵੱਡਾ ਭੂਚਾਲ 16 ਜੁਲਾਈ ਨੂੰ ਅਟਕਾ ਦੇ ਨੇੜੇ 5.1 ਤੀਬਰਤਾ ਦਾ ਸੀ।
ਮਿਸ਼ੀਗਨ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਅਨੁਸਾਰ, 7.0 ਤੋਂ 7.9 ਤੀਬਰਤਾ ਦੇ ਭੁਚਾਲ ਨੂੰ ਨੁਕਸਾਨ ਪਹੁੰਚਾਉਣ ਦੇ ਸਮਰੱਥ ਮੰਨਿਆ ਜਾਂਦਾ ਹੈ। ਅਲਾਸਕਾ ਵਿਚ ਹਰ ਸਾਲ ਲਗਭਗ 10-15 ਅਜਿਹੇ ਭੁਚਾਲ ਦਰਜ ਕੀਤੇ ਜਾਂਦੇ ਹਨ।