ਕੇਂਦਰੀ ਜੇਲ੍ਹ 'ਚ ਹਵਾਲਾਤੀ ਦੀ ਸਿਹਤ ਵਿਗੜਨ ਕਾਰਨ ਮੌਤ

ਕਪੂਰਥਲਾ, 12 ਜੁਲਾਈ (ਅਮਨਜੋਤ ਸਿੰਘ ਵਾਲੀਆ)-ਕੇਂਦਰੀ ਜੇਲ੍ਹ ਕਪੂਰਥਲਾ ਵਿਚ ਇਕ ਹਵਾਲਾਤੀ ਦੀ ਸਿਹਤ ਖ਼ਰਾਬ ਹੋਣ 'ਤੇ ਉਸਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਤਾਇਨਾਤ ਡਿਊਟੀ ਡਾਕਟਰ ਨੇ ਦੱਸਿਆ ਕਿ ਚਰਨਜੀਤ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਕੇਂਦਰੀ ਜੇਲ੍ਹ ਦੀ ਸਿਹਤ ਵਿਗੜਨ 'ਤੇ ਜੇਲ੍ਹ ਮੁਲਾਜ਼ਮ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਦੇ ਐਮਰਜੈਂਸੀ ਵਾਰਡ ਵਿਚ ਲੈ ਕੇ ਆਏ। ਜਦੋਂ ਮਰੀਜ਼ ਦੀ ਜਾਂਚ ਕੀਤੀ ਗਈ ਤਾਂ ਉਸਦੀ ਮੌਤ ਸਿਵਲ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੋ ਚੁੱਕੀ ਸੀ।
ਡਾਕਟਰ ਨੇ ਦੱਸਿਆ ਕਿ ਰਿਪੋਰਟ ਮੁਤਾਬਕ ਉਹ ਕਈ ਦਿਨਾਂ ਤੋਂ ਬੀਮਾਰ ਚੱਲ ਰਿਹਾ ਸੀ। ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਦਿੱਤਾ ਗਿਆ ਹੈ ਤੇ ਇਸ ਸਬੰਧੀ ਥਾਣਾ ਕੋਤਵਾਲੀ ਨੂੰ ਸੂਚਿਤ ਕਰ ਦਿੱਤਾ ਹੈ। ਪੁਲਿਸ ਵਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।