ਬਟਾਲਾ ਪੁਲਿਸ ਨੇ ਅੱਤਵਾਦੀ ਮਾਡਿਊਲ ਦੇ 6 ਸੰਚਾਲਕ ਕੀਤੇ ਗਿ੍ਫ਼ਤਾਰ- ਡੀ.ਜੀ.ਪੀ.

ਚੰਡੀਗੜ੍ਹ, 20 ਮਈ- ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਨੇ ਟਵੀਟ ਕਰ ਜਾਣਕਾਰੀ ਦਿੱਤੀ ਕਿ ਪਾਕਿਸਤਾਨ ਦੇ ਆਈ.ਐਸ.ਆਈ. ਸਮਰਥਿਤ ਅੱਤਵਾਦੀ ਨੈੱਟਵਰਕਾਂ ਵਿਰੁੱਧ ਇਕ ਵੱਡੀ ਸਫ਼ਲਤਾ ਵਿਚ ਬਟਾਲਾ ਪੁਲਿਸ ਨੇ ਹਰਵਿੰਦਰ ਸਿੰਘ ਰਿੰਦਾ ਦੇ ਨਿਰਦੇਸ਼ਾਂ ’ਤੇ ਵਿਦੇਸ਼ੀ-ਅਧਾਰਤ ਹੈਂਡਲਰਾਂ ਮਨਿੰਦਰ ਬਿੱਲਾ ਅਤੇ ਮੰਨੂ ਅਗਵਾਨ ਦੁਆਰਾ ਸੰਚਾਲਿਤ ਬੀ.ਕੇ.ਆਈ. ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਤੇ ਛੇ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿਚ ਜਤਿਨ ਕੁਮਾਰ ਉਰਫ਼ ਰੋਹਨ, ਬਰਿੰਦਰ ਸਿੰਘ ਉਰਫ਼ ਸਾਜਨ, ਰਾਹੁਲ ਮਸੀਹ, ਅਬ੍ਰਾਹਮ ਉਰਫ ਰੋਹਿਤ, ਸੋਹਿਤ, ਅਤੇ ਸੁਨੀਲ ਕੁਮਾਰ ਸ਼ਾਮਿਲ ਹਨ। ਉਨ੍ਹਾਂ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਡਿਊਲ ਨੇ ਬਟਾਲਾ ਵਿਚ ਇਕ ਸ਼ਰਾਬ ਦੇ ਠੇਕੇ ਦੇ ਬਾਹਰ ਗ੍ਰਨੇਡ ਹਮਲੇ ਦੀ ਕੋਸ਼ਿਸ਼ ਕੀਤੀ ਸੀ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਨੂੰ ਪੁਰਤਗਾਲ-ਅਧਾਰਤ ਮਨਿੰਦਰ ਬਿੱਲਾ ਅਤੇ ਬੀ.ਕੇ.ਆਈ. ਮਾਸਟਰਮਾਈਂਡ ਮੰਨੂ ਅਗਵਾਨ ਤੋਂ ਸਿੱਧੇ ਨਿਰਦੇਸ਼ ਮਿਲ ਰਹੇ ਸਨ, ਜਿਸ ਨੇ ਹਾਲ ਹੀ ਵਿਚ ਹੈਪੀ ਪਾਸੀਅਨ ਦੀ ਗ੍ਰਿਫਤਾਰੀ ਤੋਂ ਬਾਅਦ ਕਾਰਜਸ਼ੀਲ ਚਾਰਜ ਸੰਭਾਲਿਆ ਹੈ। ਜਤਿਨ ਕੁਮਾਰ ਨੂੰ ਰਿਕਵਰੀ ਲਈ ਲਿਜਾਂਦੇ ਸਮੇਂ ਗੋਲੀਬਾਰੀ ਵਿਚ ਜ਼ਖਮੀ ਕਰ ਦਿੱਤਾ ਗਿਆ ਸੀ। ਉਸ ਨੇ ਪੁਲਿਸ ’ਤੇ ਗੋਲੀਬਾਰੀ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਜ਼ਖਮੀ ਹੋ ਗਿਆ ਅਤੇ ਸਿਵਲ ਹਸਪਤਾਲ ਬਟਾਲਾ ਵਿਚ ਦਾਖਲ ਹੈ। ਉਨ੍ਹਾਂ ਖਿਲਾਫ਼ ਵੱਖ ਵੱਖ ਸੰਬੰਧਿਤ ਧਾਰਾਵਾਂ ਤਹਿਤ ਪੀ.ਐਸ. ਸਿਵਲ ਲਾਈਨਜ਼, ਬਟਾਲਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਪਾਸੋਂ ਬਰਾਮਦਗੀ ਦੌਰਾਨ ਇਕ 30 ਬੋਰ ਪਿਸਤੌਲ ਵੀ ਬਰਾਮਦ ਹੋਇਆ ਹੈ।