10ਵੀਂ ਜਮਾਤ ਦੇ ਨਤੀਜੇ 'ਚ ਮੈਰਿਟ 'ਚੋਂ ਆਈ ਆਟੋ ਚਾਲਕ ਦੀ ਬੇਟੀ ਕਿਰਨ

ਬਠਿੰਡਾ, 16 ਮਈ (ਅੰਮ੍ਰਿਤਪਾਲ ਸਿੰਘ ਵਲ੍ਹਾਣ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਜਮਾਤ ਦੇ ਨਤੀਜੇ ਵਿਚ ਸਰਕਾਰੀ ਹਾਈ ਸਕੂਲ ਘਨੱਈਆ ਨਗਰ ਬਠਿੰਡਾ ਦੀ ਵਿਦਿਆਰਥਣ ਕਿਰਨ, ਜਿਸ ਨੇ 633 ਅੰਕ ਪ੍ਰਾਪਤ ਕਰਕੇ ਸੂਬੇ ਦੀ ਮੈਰਿਟ ਲਿਸਟ ਵਿਚ 17ਵਾਂ ਸਥਾਨ ਹਾਸਿਲ ਕੀਤਾ ਹੈ ਅਤੇ ਬਠਿੰਡਾ ਜ਼ਿਲ੍ਹੇ ਵਿਚੋਂ ਤੀਜੇ ਸਥਾਨ 'ਤੇ ਰਹੀ ਹੈ, ਅੱਗੇ ਬੈਂਕਿੰਗ ਖੇਤਰ 'ਚ ਜਾਣ ਦੀ ਇੱਛੁਕ ਹੈ। ਕਿਰਨ ਦੇ ਪਿਤਾ ਘਨੱਈਆ ਇਕ ਆਟੋ ਚਾਲਕ ਹਨ, ਜੋ ਦਿਨ-ਭਰ ਬਠਿੰਡਾ 'ਚ ਆਟੋ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੇ ਹਨ। ਮੈਰਿਟ 'ਚ ਆਪਣਾ ਨਾਮ ਆਉਣ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਵਿਦਿਆਰਥਣ ਕਿਰਨ ਨੇ ਕਿਹਾ ਕਿ ਉਸ ਨੇ ਸਵੇਰੇ ਜਲਦੀ ਉੱਠਣਾ ਅਤੇ ਸਕੂਲ ਅਧਿਆਪਕਾਂ ਵਲੋਂ ਦਿੱਤੇ ਕੰਮ ਨੂੰ ਪੂਰਾ ਕਰਨਾ ਉਸ ਦਾ ਮੁੱਖ ਟੀਚਾ ਰਿਹਾ, ਮੋਬਾਇਲ ਦੀ ਬਹੁਤ ਘੱਟ ਵਰਤੋਂ ਕੀਤੀ। ਉਸ ਨੇ ਆਪਣੇ ਪਰਿਵਾਰਕ ਮੈਂਬਰਾਂ, ਅੱਪੂ ਸੋਸਾਇਟੀ ਮੈਂਬਰਾਂ ਤੇ ਸਕੂਲ ਅਧਿਆਪਕਾਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ ਜਿਨ੍ਹਾਂ ਦੀਆਂ ਹੱਲਾਸ਼ੇਰੀਆਂ ਸਦਕਾ ਉਹ ਚੰਗੇ ਅੰਕ ਲੈਣ ਵਿਚ ਸਫਲ ਰਹੀ।