ਮਾਮਲਾ ਭੋਗਪੁਰ ਵਿਖੇ ਲੱਗ ਰਹੇ ਬਾਇਓ ਸੀ.ਐੱਨ.ਜੀ. ਪਲਾਂਟ ਦਾ, ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ ਸਮੇਤ 150 ਵਿਅਕਤੀਆਂ ’ਤੇ ਪਰਚਾ ਦਰਜ

ਭੋਗਪੁਰ, 29 ਅਪ੍ਰੈਲ (ਕਮਲਜੀਤ ਸਿੰਘ ਡੱਲੀ)- ਸ਼ੂਗਰ ਮਿੱਲ ਭੋਗਪੁਰ ਵਿਖੇ ਲੱਗ ਰਹੇ ਬਾਇਓ -ਸੀ.ਐੱਨ.ਜੀ. ਪਲਾਂਟ ਦਾ ਮਾਮਲਾ ਉਲਝਦਾ ਹੀ ਜਾ ਰਿਹਾ ਹੈ। ਜਿਥੇ ਪਿਛਲੇ ਕਾਫ਼ੀ ਮਹੀਨਿਆਂ ਤੋਂ ਸਥਾਨਕ ਲੋਕ ਅਤੇ ਵੱਖ-ਵੱਖ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਹਨ, ਉਥੇ ਹੀ ਬੀਤੇ ਦਿਨੀਂ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਕੇ ਆਵਾਜਾਈ ਰੋਕਣ ਖ਼ਿਲਾਫ਼ ਨੈਸ਼ਨਲ ਹਾਈਵੇ ਦੇ ਮੁਲਾਜ਼ਮ ਜਸਵੰਤ ਕੁਮਾਰ ਦੇ ਬਿਆਨਾਂ ’ਤੇ ਕਾਂਗਰਸੀ ਵਿਧਾਇਕ ਸੁਖਵਿੰਦਰ ਕੋਟਲੀ, ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਰਾਜਾ, ਕਾਂਗਰਸੀ ਆਗੂ ਅਸ਼ਵਨ ਭੱਲਾ, ਅੰਮ੍ਰਿਤਪਾਲ ਸਿੰਘ ਖਰਲਾਂ, ਚਰਨਜੀਤ ਸਿੰਘ ਡੱਲਾ, ਗੁਰਦੀਪ ਸਿੰਘ ਚੱਕ ਝੰਡੂ, ਲਵਦੀਪ ਸਿੰਘ ਮੋਗਾ, ਵਿਸ਼ਾਲ ਬਹਿਲ, ਰਾਕੇਸ਼ ਕੁਮਾਰ ਬੱਗਾ, ਸੀਤਲ ਸਿੰਘ, ਸੂਬੇਦਾਰ ਸੁਰਜੀਤ ਸਿੰਘ, ਰਾਹੁਲ ਵਾਸੀ ਭੋਗਪੁਰ, ਮਨਜੀਤ ਸਿੰਘ, ਮੋਨੂੰ, ਸੁਨੀਲ ਖੋਸਲਾ, ਦੀਪਕ ਮੁਲਤਾਨੀ, ਅਰਵਿੰਦਰ ਸਿੰਘ ਝੱਮਟ, ਨਰਿੰਦਰ ਕੁਮਾਰ ਨਿੰਦੀ, ਅਮਿਤ ਅਰੋੜਾ, ਫੌਜੀ, ਰਣਜੀਤ ਸਿੰਘ, ਜਤਿੰਦਰ ਸਿੰਘ ਸਮੇਤ 150 ਅਣਪਛਾਤੇ ਵਿਅਕਤੀਆਂ ’ਤੇ ਧਾਰਾ 285, 126 (2), 326 (ਬੀ), 353, 190, 61 (2), 8 (ਬੀ), 4 ਤਹਿਤ ਭੋਗਪੁਰ ਪੁਲਿਸ ਵਲੋਂ ਪਰਚਾ ਦਰਜ ਕਰ ਦਿੱਤਾ ਗਿਆ। ਇਥੇ ਜ਼ਿਕਰਯੋਗ ਇਹ ਹੈ ਕਿ ਪੁਲਿਸ ਅਧਿਕਾਰੀ ਇਸ ਪਰਚੇ ਦੀ ਜਾਣਕਾਰੀ ਦੇਣ ਤੋਂ ਆਨਾ-ਕਾਨੀ ਕਰ ਰਹੇ ਸੀ। ਇਥੇ ਜ਼ਿਕਰਯੋਗ ਇਹ ਹੈ ਕਿ ਇਸ ਸੰਬੰਧੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਵੀ ਰਿਟ ਪਟੀਸ਼ਨ ਦਾਖ਼ਲ ਕੀਤੀ ਗਈ ਹੈ, ਜਿਸ ਦਾ ਫੈਸਲਾ ਅਜੇ ਆਉਣਾ ਬਾਕੀ ਹੈ। ਇਸ ਸੰਬੰਧੀ ਜਦੋਂ ਸੁਖਵਿੰਦਰ ਕੋਟਲੀ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਡਰਾਉਣ ਦੇ ਮਕਸਦ ਨਾਲ ਕੀਤੇ ਪਰਚਿਆਂ ਦੀ ਉਹ ਕਿਸੇ ਤਰਾਂ ਦੀ ਕੋਈ ਪ੍ਰਵਾਹ ਨਹੀਂ ਕਰਦੇ ਅਤੇ ਲੋਕਾਂ ਦੇ ਸਹਿਯੋਗ ਨਾਲ ਕਿਸੇ ਵੀ ਕੀਮਤ ’ਤੇ ਸੀ.ਐੱਨ.ਜੀ. ਪਲਾਂਟ ਨਹੀਂ ਲੱਗਣ ਦੇਵਾਂਗੇ ਤੇ ਇਸ ਲਈ ਕੋਈ ਵੀ ਕਿਸੇ ਤਰ੍ਹਾਂ ਦੀ ਕੁਰਬਾਨੀ ਕਰਨੀ ਪਈ ਤਾਂ ਉਹ ਪਿਛੇ ਹੱਟਣ ਵਾਲੇ ਨਹੀਂ ਹਨ।