29-04-2025
ਜਦੋਂ ਵਾੜ ਖੇਤ ਨੂੰ ਖਾਣ ਲੱਗੀ
ਪ੍ਰਸ਼ਾਸਨ ਅਤੇ ਹਾਕਮਾਂ ਦਾ ਮੁਢਲਾਂ ਕੰਮ ਰਾਜ ਵਿਚ ਅਮਨ ਸ਼ਾਂਤੀ ਬਣਾਈ ਰੱਖਦੇ ਹੋਏ ਆਮ ਲੋਕਾਂ ਨੂੰ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨਾ ਹੁੰਦਾ ਹੈ, ਪਰੰਤੂ ਉਸ ਸਮੇਂ ਕੀ ਕੀਤਾ ਜਾਵੇ ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੇ। ਰੱਖਿਆ ਕਰਨ ਵਾਲੇ ਹੀ ਮਾਰ-ਕੁੱਟ 'ਤੇ ਉੱਤਰ ਆਉਣ, ਨਿਆਂ ਦੀਆਂ ਮੂਰਤਾਂ ਵੀ ਭ੍ਰਿਸ਼ਟਾਚਾਰ ਦੀ ਦਲਦਲ ਵਿਚ ਧਸ ਜਾਣ ਫਿਰ ਤਾਂ ਰੱਬ ਹੀ ਰਾਖਾ ਹੈ। ਮੌਜੂਦਾ ਸਮੇਂ ਜਦੋਂ ਪੰਜਾਬ ਵਿਚ ਇਕ ਪਾਸੇ ਜੰਗੀ ਪੱਧਰ 'ਤੇ ਯੁੱਧ ਨਸ਼ਿਆਂ ਵਿਰੁੱਧ ਪੂਰੇ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ, ਜਿਸ ਵਿਚ ਸਰਕਾਰ, ਪ੍ਰਸ਼ਾਸਨ ਅਤੇ ਆਮ ਲੋਕ ਮੋਢੇ ਨਾਲ ਮੋਢਾ ਲਾ ਕੇ ਮੈਦਾਨ ਵਿਚ ਨਿੱਤਰੇ ਹੋਏ ਹਨ ਦੂਜੇ ਪਾਸੇ ਪੰਜਾਬ ਪੁਲਿਸ ਦੀ ਮਹਿਲਾ ਕਾਂਸਟੇਬਲ ਕੋਲੋਂ ਸਤਾਰਾਂ ਗ੍ਰਾਮ ਨਸ਼ਾ ਪ੍ਰਾਪਤ ਹੋਣਾ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ। ਇਹ ਲੇਡੀ ਸਿੰਘਮ, ਜਿਸ ਕੋਲੋਂ ਨਸ਼ਾ ਪ੍ਰਾਪਤ ਹੋਇਆ ਪਿਛਲੇ ਕਈ ਸਾਲਾਂ ਤੋਂ ਨਸ਼ੇ ਦੇ ਕਾਰੋਬਾਰ ਨਾਲ ਜੁੜੀ ਹੋਈ ਹੈ, ਜਿਸ ਬਾਰੇ ਹੁਣ ਇਕ ਔਰਤ ਨੇ ਖੁਲਾਸੇ ਕੀਤੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਪੁਲਿਸ ਵਲੋਂ ਕੀਤੀ ਜਾ ਰਹੀ ਕਾਰਵਾਈ ਬਹੁਤ ਦੇਰ ਬਾਅਦ ਅਮਲ ਵਿਚ ਲਿਆਂਦੀ ਗਈ। ਮਹਿੰਗੀਆਂ ਗੱਡੀਆਂ ਅਤੇ ਰੀਲਾਂ ਬਣਾਉਣ ਦੀ ਸ਼ੌਕੀਨ ਮਹਿਲਾ ਕਾਂਸਟੇਬਲ ਉਰਫ਼ ਲੇਡੀ ਸਿੰਘਮ ਦੀ ਜਾਂਚ ਨਿਰਪੱਖ ਅਤੇ ਜਲਦ ਤੋਂ ਜਲਦ ਹੋਣੀ ਚਾਹੀਦੀ ਹੈ। ਇਸ ਜਾਂਚ ਦੇ ਤਾਰ ਪੁਲਿਸ ਦੇ ਅੰਦਰੋਂ ਹੁੰਦੇ ਹੋਏ ਕਈ ਹਾਕਮਾਂ ਦੇ ਬਰੂਹਾਂ ਤੱਕ ਵੀ ਜਾਣਗੇ। ਆਮ ਵਿਅਕਤੀ ਜਦੋਂ ਨਸ਼ਾ ਵੇਚਦਾ ਹੈ ਉਸ ਦੇ ਬਣਾਏ ਘਰ 'ਤੇ ਬੁਲਡੋਜ਼ਰ ਚਲਾਉਣ ਦੀ ਮੁਹਿੰਮ ਚੱਲ ਰਹੀ ਹੈ, ਪ੍ਰਸ਼ਾਸਨ ਆਪਣੀ ਹੀ ਮਹਿਲਾ ਕਾਂਸਟੇਬਲ ਦੀ ਕਰੋੜਾਂ ਰੁਪਏ ਨਾਲ ਬਣਾਈ ਕੋਠੀ 'ਤੇ ਬੁਲਡੋਜ਼ਰ ਕਦੋਂ ਚਲਾਵੇਗਾ ਇਹ ਦੇਖਣ ਵਾਲਾ ਹੋਵੇਗਾ।
-ਰਜਵਿੰਦਰ ਪਾਲ ਸ਼ਰਮਾ
ਹਰਿਦੁਆਰ ਦੀ ਹਰਿ ਕੀ ਪੌੜੀ
ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਅਨੇਕਾਂ ਹੀ ਲੋਕ ਆਪਣੀ ਸ਼ਰਧਾ ਅਨੁਸਾਰ ਆਪਣੇ ਮ੍ਰਿਤਕ ਪਰਿਵਾਰਕ ਮੈਂਬਰਾਂ ਦੀਆਂ ਅਸਥੀਆਂ ਜਲ ਪ੍ਰਵਾਹ ਕਰਨ ਲਈ ਹਰਿਦੁਆਰ ਵਿਖੇ ਜਾ ਕੇ ਹਰਿ ਕੀ ਪੌੜੀ 'ਤੇ ਜਾ ਕੇ ਅਸਥੀਆਂ ਜਲ ਪ੍ਰਵਾਹ ਕਰਦੇ ਹਨ। ਪਰੰਤੂ ਹਰਿ ਕੀ ਪੌੜੀ 'ਤੇ ਫੈਲੀ ਗੰਦਗੀ ਅਤੇ ਮੰਗਤਿਆਂ ਦੀ ਵੱਡੀ ਭੀੜ ਵੇਖ ਕੇ ਹਰ ਕੋਈ ਬਹੁਤ ਦੁਖੀ ਹੁੰਦਾ ਹੈ ਤੇ ਉਸ ਦੀ ਭਾਵਨਾ ਨੂੰ ਵੀ ਠੇਸ ਪਹੁੰਚਦੀ ਹੈ। ਸੂਬੇ ਦੀ ਸਰਕਾਰ ਦਾ ਫਰਜ਼ ਬਣਦਾ ਹੈ ਕਿ ਹਰਿਦੁਆਰ ਦੀ ਹਰਿ ਕੀ ਪੌੜੀ ਦਾ ਮਾਹੌਲ ਸ਼ਾਂਤੀ ਅਤੇ ਸੁਰੱਖਿਆ ਵਾਲਾ ਬਣਾਵੇ, ਪਰੰਤੂ ਹੋ ਇਸ ਦੇ ਉਲਟ ਰਿਹਾ ਹੈ। ਅਸਥੀਆਂ ਜਲ ਪ੍ਰਵਾਹ ਕਰਨ ਵਾਲੇ ਸਥਾਨ 'ਤੇ ਅਨੇਕਾਂ ਲੋਕ ਆਪਣੀ ਦੁਕਾਨਦਾਰੀ ਕਰ ਰਹੇ ਹਨ। ਅਨੇਕਾਂ ਹੀ ਮੰਗਤੇ ਲੋਕਾਂ ਨੂੰ ਇੱਥੇ ਜ਼ਲੀਲ ਕਰ ਰਹੇ ਹਨ। ਸਰਕਾਰ ਨੂੰ ਲੋਕਾਂ ਦੀ ਸ਼ਰਧਾ ਅਤੇ ਭਾਵਨਾ ਨੂੰ ਧਿਆਨ ਵਿਚ ਰੱਖਦੇ ਹੋਏ ਹਰਿ ਕੀ ਪੌੜੀ ਦਾ ਮਾਹੌਲ ਸੁਰੱਖਿਅਤ ਅਤੇ ਖੁਸ਼ਗਵਾਰ ਬਣਾਉਣਾ ਚਾਹੀਦਾ ਹੈ।
-ਅੰਗਰੇਜ ਸਿੰਘ ਵਿੱਕੀ
ਪਿੰਡ-ਡਾਕ. ਕੋਟਗੁਰੂ (ਬਠਿੰਡਾ)
ਨਸ਼ਾ ਮੁਕਤ ਪੰਜਾਬ ਬਣਾਓ
ਪੰਜਾਬ ਵਿਚ ਨਸ਼ਿਆਂ ਦਾ ਪ੍ਰਭਾਵ ਗੰਭੀਰ ਅਤੇ ਚਿੰਤਾਜਨਕ ਹੈ। ਜੋ ਸਿਰਫ਼ ਵਿਅਕਤੀਗਤ ਜੀਵਨ ਹੀ ਨਹੀਂ, ਸਗੋਂ ਸਮੂਹਿਕ ਸਮਾਜ, ਪਰਿਵਾਰ ਅਤੇ ਆਰਥਿਕਤਾ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਨਸ਼ਿਆਂ ਦਾ ਸਭ ਤੋਂ ਵਧ ਮਾਰੂ ਪ੍ਰਭਾਵ ਨੌਜਵਾਨਾਂ 'ਤੇ ਪਿਆ ਹੈ, ਜਿਸ ਕਾਰਨ ਉਹ ਆਪਣੀ ਪੜ੍ਹਾਈ, ਨੌਕਰੀ ਅਤੇ ਉੱਜਵਲ ਭਵਿੱਖ ਤੋਂ ਦੂਰ ਹੋ ਰਹੇ ਹਨ। ਨਸ਼ੇ ਦੀ ਲਤ ਨੇ ਸਰੀਰਕ ਅਤੇ ਮਾਨਸਿਕ ਬਿਮਾਰੀਆਂ ਵਧਾ ਦਿੱਤੀਆਂ ਹਨ। ਇਸ ਲਈ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਸਾਡੀ ਸਮੂਹਿਕ ਕੋਸ਼ਿਸ਼ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ।
-ਜਸਦੀਪ ਕੌਰ
ਅੜੈਚਾਂ
ਚਾਚੇ-ਤਾਏ ਸ਼ਰੀਕ ਨਹੀਂ ਹੁੰਦੇ
ਪੰਜਾਬੀ ਸੱਭਿਆਚਾਰ ਵਿਚ ਰਿਸ਼ਤਿਆਂ ਦੀ ਮਹੱਤਤਾ ਨੂੰ ਕੋਈ ਨਹੀਂ ਨਕਾਰ ਸਕਦਾ, ਖ਼ੂਨ ਦੇ ਰਿਸ਼ਤੇ ਵੀ ਕਈ ਵਾਰ ਜ਼ਮੀਨ, ਪੈਸੇ ਜਾਂ ਹੰਕਾਰ ਦੇ ਅੱਗੇ ਫਿੱਕੇ ਪੈ ਜਾਂਦੇ ਹਨ। ਕੀ ਇਹੀ ਸਾਡੀ ਸੱਭਿਆਚਾਰਕ ਵਿਰਾਸਤ ਦਾ ਮਕਸਦ ਹੈ? ਜ਼ਮੀਨ-ਜਾਇਦਾਦ ਦੇ ਝਗੜੇ, ਇਕ ਜ਼ਮੀਨ ਦਾ ਟੁਕੜਾ ਸਕੇ ਭਰਾਵਾਂ ਦੇ ਪਿਆਰ 'ਚ ਦਰਾਰ ਪਾ ਦਿੰਦਾ ਹੈ। ਕਈ ਵਾਰ ਔਰਤਾਂ ਦੀ ਈਰਖਾ ਇਕ ਦੀ ਕਾਮਯਾਬੀ ਦੂਜੇ ਲਈ ਜਲਣ ਦਾ ਕਾਰਨ ਬਣ ਜਾਂਦੀ ਹੈ। ਪਰ ਸੌੜੀ ਸੋਚ ਮਗਰ ਲੱਗ ਕੇ ਅਨਮੋਲ ਰਿਸ਼ਤੇ ਕਦੇ ਖ਼ਰਾਬ ਨਹੀਂ ਹੋਣ ਦੇਣੇ ਚਾਹੀਦੇ।
ਜੇਕਰ ਸਾਡੇ ਦਾਦੇ-ਪੜਦਾਦੇ ਇਕੋ ਘਰ ਵਿਚ ਰਹਿ ਕੇ ਪਿਆਰ ਨਾਲ ਜੀਵਨ ਬਤੀਤ ਕਰ ਸਕਦੇ ਸਨ, ਤਾਂ ਅੱਜ ਅਸੀਂ ਕਿਉਂ ਨਹੀਂ? ਯਾਦ ਰੱਖੋ, ਪੈਸਾ ਆਉਂਦਾ-ਜਾਂਦਾ ਰਹਿੰਦਾ ਹੈ, ਪਰ ਭਰਾਵਾਂ ਦਾ ਪਿਆਰ ਅਨਮੋਲ ਹੈ, ਜ਼ਮੀਨ ਦੇ ਟੁਕੜੇ ਨਾਲੋਂ ਰਿਸ਼ਤਿਆਂ ਦੀ ਮਿੱਠੀ ਯਾਦ ਵਧੇਰੇ ਕੀਮਤੀ ਹੈ। ਗੱਲਬਾਤ ਨਾਲ ਕੋਈ ਵੀ ਸਮੱਸਿਆ ਸੁਲਝ ਜਾਂਦੀ ਹੈ।
-ਅਮਰਜੋਤ ਸਿੰਘ,
ਮਟੌਰ।
ਫਾਸਟ ਫੂਡ ਬਨਾਮ ਸਿਹਤ ਦਾ ਕਬਾੜਾ
ਅੱਜ ਦਾ ਯੁੱਗ ਆਧੁਨਿਕਤਾ ਤੇ ਤਕਨੀਕ ਭਰਪੂਰ ਹੈ। ਦੁਨੀਆ ਨੇ ਬੜੀ ਤਰੱਕੀ ਕਰ ਲਈ ਹੈ। ਤਕਰੀਬਨ ਹਰ ਖੇਤਰ ਵਿਚ ਦਿਸਹੱਦੇ ਸਥਾਪਤ ਕਰ ਲਏ ਹਨ ਅਤੇ ਜੀਵਨ ਨੂੰ ਹੋਰ ਬਿਹਤਰ ਤੇ ਸੁਖਾਲਾ ਬਣਾਉਣ ਲਈ ਨਿੱਤ ਨਵੀਆਂ ਖੋਜਾਂ ਕੀਤੀਆਂ ਜਾ ਰਹੀਆਂ ਹਨ। ਜਿੱਥੇ ਮਨੁੱਖ ਤਕਨੀਕੀ ਪੱਖੋਂ ਮਜ਼ਬੂਤ ਹੋਇਆ ਹੈ, ਉੱਥੇ ਜੇਕਰ ਦੇਖਿਆ ਜਾਵੇ ਤਾਂ ਸਰੀਰਕ ਪੱਖ ਤੋਂ ਗਿਰਾਵਟ ਆ ਰਹੀ ਹੈ। ਪਹਿਲਾਂ ਹੱਥੀਂ ਕੰਮ ਕਰਨ ਨਾਲ ਸਰੀਰਕ ਹਿਲਜੁਲ ਹੁੰਦੀ ਰਹਿੰਦੀ ਸੀ ਤਾਂ ਤੰਦਰੁਸਤੀ ਬਣੀ ਰਹਿੰਦੀ ਸੀ ਪਰ ਅੱਜ ਜ਼ਿਆਦਾ ਕੰਮ ਦਿਮਾਗੀ ਹੋ ਗਿਆ ਹੈ। ਸਭ ਕੰਮ ਉਂਗਲਾਂ ਦੇ ਪੋਟਿਆਂ ਤੱਕ ਸਿਮਟਦਾ ਜਾ ਰਿਹਾ ਹੈ। ਬਸ ਇਕ ਕਲਿੱਕ ਕਰਨ ਨਾਲ ਹੀ ਕਰਾਮਾਤ ਹੋ ਜਾਂਦੀ ਹੈ। ਕੰਪਿਊਟਰ, ਲੈਪਟਾਪ ਤੇ ਮੋਬਾਈਲ ਅੱਜਕੱਲ੍ਹ ਕ੍ਰਿਸ਼ਮਾ ਦਿਖਾ ਰਹੇ ਹਨ। ਜਿਥੇ ਤਕਰੀਬਨ ਸਭ ਕੰਮ ਇਕ ਉਂਗਲ ਦੇ ਪੋਟੇ 'ਤੇ ਸੰਭਵ ਹੋ ਰਹੇ ਹਨ, ਉੱਥੇ ਅਸੀਂ ਸਿਹਤ ਪੱਖੋਂ ਅਵੇਸਲੇ ਹੁੰਦੇ ਜਾ ਰਹੇ ਹਾਂ। ਫਾਸਟ ਫੂਡ ਸਾਡੇ ਸਾਦੇ ਤੇ ਘਰ ਦੇ ਖਾਣੇ ਦੀ ਥਾਂ ਲੈਂਦੇ ਜਾ ਰਹੇ ਹਨ ਅਤੇ ਜੁੱਸਿਆਂ ਦੇ ਮਾਲਕ ਕਹਾਉਣ ਵਾਲੇ ਪੰਜਾਬੀ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਨਵੀਂ ਪੀੜ੍ਹੀ ਤਾਂ ਇਨ੍ਹਾਂ ਦੀ ਇਕ ਤਰ੍ਹਾਂ ਨਾਲ ਗੁਲਾਮ ਹੀ ਹੁੰਦੀ ਜਾ ਰਹੀ ਹੈ। ਖਾਣੇ ਦੇ ਇਸ ਪੱਛਮੀ ਸੱਭਿਆਚਾਰ ਨੇ ਸਾਡੇ ਬੱਚਿਆਂ ਦੇ ਮਾਨਸਿਕ ਤੇ ਸਰੀਰਕ ਪੱਖ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਇਸ ਵਿਗਾੜ ਨੂੰ ਰੋਕਣ ਲਈ ਅੱਜ ਲੋੜ ਹੈ ਆਪ ਤੇ ਆਪਣੇ ਬੱਚਿਆਂ ਨੂੰ ਸਾਡੇ ਆਪਣੇ ਘਰਾਂ ਵਿਚ ਬਣਨ ਵਾਲੇ ਸਾਦੇ ਤੇ ਪੌਸ਼ਟਿਕ ਭਰਪੂਰ ਖਾਣੇ ਵੱਲ ਮੋੜਨ ਦੀ। ਨਹੀਂ ਤਾਂ ਸਾਡੀ ਕਮਾਈ ਦਾ ਬਹੁਤਾ ਹਿੱਸਾ ਮਹਿੰਗੇ ਇਲਾਜਾਂ ਦੀ ਭੇਟ ਚੜ੍ਹਦਾ ਰਹੇਗਾ ਅਤੇ ਸਾਡੀ ਸਿਹਤ ਦਾ ਕਬਾੜਾ ਹੁੰਦਾ ਰਹੇਗਾ।
-ਲਾਭ ਸਿੰਘ ਸ਼ੇਰਗਿੱਲ
ਸੰਗਰੂਰ।
ਪਾਣੀ ਪੀਣ ਦੇ ਫਾਇਦੇ
'ਅਜੀਤ' ਦੇ ਸਾਡੀ ਸਿਹਤ ਪੰਨੇ 'ਤੇ ਛਪਿਆ ਲੇਖ 'ਜ਼ਰੂਰੀ ਹੈ ਸਰੀਰ ਦਾ ਸ਼ੁੱਧੀਕਰਨ' ਪੜ੍ਹਿਆ। ਲੇਖ ਪੜ੍ਹ ਕੇ ਮਹਿਸੂਸ ਹੋਇਆ ਕਿ ਕਿਵੇਂ ਪਾਣੀ ਸਾਡੇ ਲਈ ਅੰਮ੍ਰਿਤ ਹੈ, ਪਾਣੀ ਪੀਣ ਨਾਲ ਬਹੁਤ ਸਾਰੀਆ ਬਿਮਾਰੀਆਂ ਦੂਰ ਹੁੰਦੀਆਂ ਹਨ, ਸਵੇਰੇ ਉੱਠ ਕੇ ਪਾਣੀ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਸਰੀਰ ਦੀ ਸ਼ੁੱਧੀ ਹੁੰਦੀ ਹੈ। ਇਸ ਵਿਚ 10 ਤੋਂ 12 ਗਿਲਾਸ ਪਾਣੀ ਪੀਣਾ ਚਾਹੀਦਾ ਹੈ। ਪਾਣੀ ਸਿਹਤ ਲਈ ਬਹੁਤ ਜ਼ਰੂਰੀ ਹੈ। ਪਾਣੀ ਨਾਲ ਸਾਡੇ ਸਰੀਰ ਵਿਚ ਜ਼ਹਿਰੀਲੇ ਪਦਾਰਥ ਬਹੁਤ ਨਿਕਲਦੇ ਹਨ। ਜੇਕਰ ਅਸੀਂ ਜ਼ਿਆਦਾ ਪਾਣੀ ਨਹੀਂ ਪੀ ਸਕਦੇ ਤਾਂ ਪਾਣੀ ਵਿਚ ਨਿੰਬੂ ਪਾ ਕੇ ਪੀ ਸਕਦੇ ਹਾਂ, ਇਹ ਵੀ ਸਾਡੇ ਸਰੀਰ ਨੂੰ ਡਿਟੋਕਸ ਕਰਦਾ ਹੈ।
-ਰਾਜਦੀਪ ਕੌਰ
ਦਸੌਂਦਾ ਸਿੰਘ ਵਾਲਾ।