ਸਾਵਰਕਰ ਮਾਣਹਾਨੀ ਕੇਸ: ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਲਗਾਈ ਫਟਕਾਰ

ਨਵੀਂ ਦਿੱਲੀ, 25 ਅਪ੍ਰੈਲ- ਸੁਪਰੀਮ ਕੋਰਟ ਨੇ ਅੱਜ ਵੀਰ ਸਾਵਰਕਰ ਮਾਣਹਾਨੀ ਮਾਮਲੇ ਵਿਚ ਰਾਹੁਲ ਗਾਂਧੀ ਦੀ ਪਟੀਸ਼ਨ ’ਤੇ ਸੁਣਵਾਈ ਕੀਤੀ। ਇਸ ਦੌਰਾਨ, ਸੁਪਰੀਮ ਕੋਰਟ ਨੇ ਵੀਰ ਸਾਵਰਕਰ ’ਤੇ ਦਿੱਤੇ ਬਿਆਨ ਲਈ ਰਾਹੁਲ ਗਾਂਧੀ ਦੀ ਆਲੋਚਨਾ ਕੀਤੀ। ਅਦਾਲਤ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਆਜ਼ਾਦੀ ਘੁਲਾਟੀਆਂ ਬਾਰੇ ਗੈਰ-ਜ਼ਿੰਮੇਵਾਰਾਨਾ ਬਿਆਨ ਨਹੀਂ ਦੇਣਾ ਚਾਹੀਦਾ। ਸੁਪਰੀਮ ਕੋਰਟ ਨੇ ਕਿਹਾ ਕਿ ਮਹਾਤਮਾ ਗਾਂਧੀ ਨੇ ਖੁਦ ਸਾਵਰਕਰ ਦਾ ਸਤਿਕਾਰ ਕੀਤਾ ਸੀ। ਉੱਥੇ ਹੀ ਉਨ੍ਹਾਂ ਦੀ ਦਾਦੀ ਇੰਦਰਾ ਗਾਂਧੀ ਨੇ ਵੀ ਉਨ੍ਹਾਂ ਨੂੰ ਇਕ ਚਿੱਠੀ ਲਿਖੀ ਸੀ। ਸੁਪਰੀਮ ਕੋਰਟ ਨੇ ਰਾਹੁਲ ਗਾਂਧੀ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਤੁਸੀਂ ਆਜ਼ਾਦੀ ਘੁਲਾਟੀਆਂ ਦੇ ਇਤਿਹਾਸ ਨੂੰ ਸਮਝੇ ਬਿਨਾਂ ਅਜਿਹਾ ਬਿਆਨ ਨਹੀਂ ਦੇ ਸਕਦੇ। ਅਦਾਲਤ ਨੇ ਚਿਤਾਵਨੀ ਦਿੱਤੀ ਕਿ ਜੇਕਰ ਰਾਹੁਲ ਗਾਂਧੀ ਭਵਿੱਖ ਵਿਚ ਅਜਿਹਾ ਬਿਆਨ ਦਿੰਦੇ ਹਨ, ਤਾਂ ਅਸੀਂ ਇਸ ਮਾਮਲੇ ਦਾ ਖੁਦ ਨੋਟਿਸ ਲਵਾਂਗੇ ਅਤੇ ਮਾਮਲੇ ਦੀ ਸੁਣਵਾਈ ਕਰਾਂਗੇ। ਤੁਸੀਂ ਆਜ਼ਾਦੀ ਦਿਵਾਉਣ ਵਾਲੇ ਆਜ਼ਾਦੀ ਘੁਲਾਟੀਆਂ ਨਾਲ ਇਸ ਤਰ੍ਹਾਂ ਕਿਵੇਂ ਵਿਵਹਾਰ ਕਰ ਸਕਦੇ ਹੋ? ਕੱਲ੍ਹ ਨੂੰ ਤੁਸੀਂ ਮਹਾਤਮਾ ਗਾਂਧੀ ਨੂੰ ਅੰਗਰੇਜ਼ਾਂ ਦਾ ਸੇਵਕ ਕਹੋਗੇ ਕਿਉਂਕਿ ਉਨ੍ਹਾਂ ਨੇ ਸਾਵਰਕਰ ਲਈ ‘ਫੇਥਫੁੱਲ ਸਰਵੈਂਟ’ ਲਿਖਿਆ ਸੀ। ਅਦਾਲਤ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਭਵਿੱਖ ਵਿਚ ਅਜਿਹੇ ਬਿਆਨ ਨਾ ਦੇਣ ਦੀ ਚਿਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ, ਸੁਪਰੀਮ ਕੋਰਟ ਨੇ ਇਲਾਹਾਬਾਦ ਹਾਈ ਕੋਰਟ ਦੇ ਉਸ ਹੁਕਮ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਨੂੰ ਸਾਵਰਕਰ ਮਾਣਹਾਨੀ ਮਾਮਲੇ ਵਿਚ ਯੂ.ਪੀ. ਦੀ ਇਕ ਹੇਠਲੀ ਅਦਾਲਤ ਦੁਆਰਾ ਜਾਰੀ ਕੀਤੇ ਗਏ ਸੰਮਨ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ।