JALANDHAR WEATHER

ਭਾਰਤ ਵਲੋਂ ਅਟਾਰੀ ਸਰਹੱਦ 'ਤੇ ਝੰਡੇ ਦੀ ਰਸਮ ਮੌਕੇ ਸਰਹੱਦੀ ਗੇਟ ਨਹੀਂ ਖੋਲ੍ਹੇ ਜਾਣਗੇ

ਅਟਾਰੀ/ਅੰਮ੍ਰਿਤਸਰ, 24 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਭਾਰਤੀ ਕਸ਼ਮੀਰ ਦੇ ਇਲਾਕੇ ਪਹਿਲਗਾਮ ਵਿਖੇ ਭਾਰਤੀ ਸੈਲਾਨੀਆਂ ਉਤੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰੇ ਜਾਣ ਦੇ ਖਿਲਾਫ ਸਖਤ ਐਕਸ਼ਨ ਲੈਂਦਿਆਂ ਭਾਰਤ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਗੁਵਾਂਢੀ ਮੁਲਕ ਪਾਕਿਸਤਾਨ ਨਾਲ ਸਮੂਹ ਤਾਲੁਕਾਤ ਬੰਦ ਕਰਨ ਉਪਰੰਤ ਭਾਰਤ ਦੀ ਅਟਾਰੀ ਸਰਹੱਦ ਉਤੇ ਵੀ ਮੋਦੀ ਸਰਕਾਰ ਦੇ ਐਕਸ਼ਨ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਅਟਾਰੀ ਸਰਹੱਦ ਵਿਖੇ 1947 ਦੀ ਭਾਰਤ ਪਾਕਿਸਤਾਨ ਵੰਡ ਤੋਂ ਬਾਅਦ ਬੀ.ਐਸ.ਐਫ. ਅਤੇ ਪਾਕਿਸਤਾਨ ਰੇਂਜਰਾਂ ਦਰਮਿਆਨ ਹੁੰਦੀ ਰੋਜ਼ਾਨਾ ਝੰਡੇ ਦੀ ਰਸਮ ਨੂੰ ਵੀ ਭਾਰਤ ਸਰਕਾਰ ਨੇ ਪਾਕਿਸਤਾਨ ਨਾਲ ਖੁਸ਼ੀ ਖੁਸ਼ੀ ਕਰਨ ਉਤੇ ਵੀ ਮਨਾਹੀ ਲਗਾਉਂਦਿਆਂ ਭਾਰਤੀ ਦੇਸ਼ ਦੇ ਪਾਕਿਸਤਾਨ ਨਾਲ ਸਾਂਝੇ ਗੇਟਾਂ ਨੂੰ ਭਾਰਤ ਵਾਲੇ ਪਾਸਿਓਂ ਬਿਲਕੁਲ ਬੰਦ ਕਰਕੇ ਭਾਰਤੀ ਸ਼ੈੱਡ ਅੰਦਰ ਝੰਡੇ ਦੀ ਰਸਮ ਪੂਰੀ ਕਰਨ ਦਾ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਵਲੋਂ ਫੈਸਲਾ ਲਿਆ ਗਿਆ ਹੈ। ਝੰਡੇ ਦੀ ਰਸਮ ਮੌਕੇ ਭਾਰਤੀ ਸਾਈਡ ਉਤੇ ਪਹਿਲਗਾਮ ਵਿਖੇ ਮਾਰੇ ਗਏ ਬੇਦੋਸ਼ ਭਾਰਤੀਆਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਸੈਲਾਨੀਆ ਦੇ ਮਨਾਂ ਵਿਚ ਜਿਥੇ ਜੋਸ਼ ਨਹੀਂ ਵੇਖਣ ਨੂੰ ਮਿਲਿਆ, ਉਥੇ ਹੀ ਬੀ.ਐਸ.ਐਫ. ਵਲੋਂ ਵੀ ਭਾਰਤੀ ਨਾਗਰਿਕਾਂ ਨੂੰ ਆਪਣੀ ਤਰਫੋਂ ਸ਼ਰਧਾਂਜਲੀਆਂ ਭੇਟ ਕਰਦਿਆਂ ਕੋਈ ਵੀ ਉੱਚੀ ਆਵਾਜ਼ ਵਾਲੇ ਨਾਅਰੇ ਨਾ ਲਗਾਉਣ ਦਾ ਫੈਸਲਾ ਲਿਆ ਗਿਆ। ਇਥੇ ਹੀ ਬਸ ਨਹੀਂ ਬੀ.ਐਸ.ਐਫ. ਦੇ ਉੱਚ ਅਧਿਕਾਰੀਆਂ ਨੇ ਬੀ.ਐਸ.ਐਫ. ਦੇ ਜਵਾਨ ਜੋ ਪਾਕਿਸਤਾਨ ਰੇਂਜਰਾਂ ਦੇ ਜਵਾਨਾਂ ਨਾਲ ਇਕ ਸਮੇਂ ਬਰਾਬਰ ਦੀ ਪਰੇਡ ਕਰਦੇ ਸਨ, ਉਸ ਦੌਰਾਨ ਦੋਵੇਂ ਦੇਸ਼ਾਂ ਦੇ ਸਰਹੱਦੀ ਗੇਟ ਖੋਲ੍ਹ ਕੇ ਬੀ.ਐਸ.ਐਫ. ਦੇ ਇਕ ਉੱਚ ਅਧਿਕਾਰੀ ਪਾਕਿਸਤਾਨ ਰੇਂਜਰ ਦੇ ਇਕ ਉੱਚ ਅਧਿਕਾਰੀ ਨਾਲ ਝੰਡੇ ਦੀ ਰਸਮ ਮੌਕੇ ਹੱਥ ਮਿਲਾਉਂਦਾ ਤੇ ਖੁਸ਼ੀ ਸਾਂਝੀ ਕਰਦਾ ਸੀ, ਉਸ ਨੂੰ ਵੀ ਅੱਜ ਬੀ.ਐਸ.ਐਫ. ਦੇ ਅਧਿਕਾਰੀਆਂ ਵਲੋਂ ਰੋਕ ਦਿੱਤਾ ਗਿਆ ਹੈ, ਜਿਸ ਕਰਕੇ ਅੱਜ ਪਾਕਿਸਤਾਨ ਰੇਂਜਰ ਦੇ ਨਾਲ ਕਿਸੇ ਕਿਸਮ ਦੀ ਭਾਰਤ ਵਲੋਂ ਖੁਸ਼ੀ ਸਾਂਝੀ ਝੰਡੇ ਦੀ ਰਸਮ ਮੌਕੇ ਨਹੀਂ ਕੀਤੀ ਜਾਵੇਗੀ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ