ਪਹਿਲਗਮ ਹਮਲੇ ਦੇ ਵਿਰੋਧ 'ਚ ਅਜਨਾਲਾ ਦੇ ਸਾਰੇ ਬਾਜ਼ਾਰ ਰਹੇ ਬੰਦ, ਦਿੱਤੀਆਂ ਸ਼ਰਧਾਂਜਲੀਆਂ

ਅਜਨਾਲਾ, 24 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿਚ ਅੱਜ ਅਜਨਾਲਾ ਸ਼ਹਿਰ ਦੀਆਂ ਸਮੂਹ ਧਾਰਮਿਕ ਰਾਜਨੀਤਿਕ ਤੇ ਸਮਾਜਿਕ ਜਥੇਬੰਦੀਆਂ ਦੇ ਸੱਦੇ ਉਤੇ ਸ਼ਾਮ ਸਮੇਂ ਬਾਜ਼ਾਰ ਬੰਦ ਹੋ ਗਏ। ਪਹਿਲਗਾਮ ਹਮਲੇ ਵਿਚ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦੇਣ ਲਈ ਕੈਂਡਲ ਮਾਰਚ ਕੀਤਾ। ਜੋ ਸ਼ਹਿਰ ਦੇ ਸ਼ਿਵ ਮੰਦਿਰ ਤੋਂ ਸ਼ੁਰੂ ਹੋਇਆ I ਕੈਂਡਲ ਮਾਰਚ ਵਿਚ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਨੂੰਹ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਸਾਬਕਾ ਵਿਧਾਇਕ ਬੋਨੀ ਅਮਰਪਾਲ ਸਿੰਘ ਦੇ ਮਾਤਾ ਡਾ. ਅਵਤਾਰ ਕੌਰ ਅਜਨਾਲਾ ਨੇ ਸ਼ਮੂਲੀਅਤ ਕਰਦਿਆਂ ਅੱਤਵਾਦੀਆਂ ਦੇ ਇਸ ਘਿਨਾਉਣੇ ਕਾਰੇ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀI