ਫ਼ੈਕਟਰੀ ’ਚ ਪਟਾਕਿਆਂ ਨੂੰ ਅੱਗ ਲੱਗ ਜਾਣ ਕਾਰਨ ਸੜੀ ਨਾੜ ਤੇ ਹੋਰ ਸਾਮਾਨ

ਭਵਾਨੀਗੜ੍ਹ , (ਸੰਗਰੂਰ), 24 ਅਪ੍ਰੈਲ (ਰਣਧੀਰ ਸਿੰਘ ਫੱਗੂਵਾਲਾ)- ਪਿੰਡ ਨਦਾਮਪੁਰ ਵਿਖੇ ਅੱਜ ਸਵੇਰ ਉਸ ਸਮੇਂ ਅਫ਼ਰਾ ਤਫ਼ਰੀ ਮੱਚ ਗਈ, ਜਦੋਂ ਕੁਝ ਵਿਅਕਤੀਆਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਚਲਾਈ ਜਾ ਰਹੀ ਇਕ ਪਟਾਕਿਆਂ ਦੀ ਫੈਕਟਰੀ ਵਿਚ ਅਚਾਨਕ ਅੱਗ ਲੱਗਣ ਕਾਰਨ ਪਟਾਕੇ ਵੱਜਦਿਆਂ , ਉਥੇ ਪਏ ਸਮਾਨ ਨੂੰ ਅੱਗ ਲੱਗ ਗਈ। ਜਿਸ ਦਾ ਪਤਾ ਲਗਦਿਆਂ ਹੀ ਮੌਕੇ ’ਤੇ ਹੀ ਅੱਗ ’ਤੇ ਕਾਬੂ ਪਾ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਨਦਾਮਪੁਰ ਦੇ ਇਕ ਆਬਾਦੀ ਵਾਲੇ ਖੇਤਰ ਵਿਚ ਇਕ ਹੋਟਲ ਦੇ ਨੇੜੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਗੈਰ ਕਾਨੂੰਨੀ ਤੌਰ ’ਤੇ ਪਟਾਕੇ ਬਣਾਉਣ ਦੀ ਫੈਕਟਰੀ ਚਲਾਈ ਜਾ ਰਹੀ ਸੀ, ਉਨ੍ਹਾਂ ਫੈਕਟਰੀ ਦੇ ਅੰਦਰ ਹੀ ਜਦੋਂ ਪਟਾਕਿਆਂ ਦੀ ਕਥਿਤ ਟੈਸਟਿੰਗ ਕਰਨੀ ਸ਼ੁਰੂ ਕੀਤੀ ਤਾਂ ਪਟਾਕੇ ਫਟ ਕੇ ਪਏ ਕਬਾੜ ਦੇ ਸਮਾਨ ’ਤੇ ਡਿੱਗੇ ਜਿਸ ਕਾਰਨ ਕਬਾੜ ਨੂੰ ਅੱਗ ਲੱਗ ਗਈ ਅਤੇ ਕੁਝ ਪਟਾਕੇ ਚੱਲਣੇ ਸ਼ੁਰੂ ਹੁੰਦਿਆਂ ਹੀ ਫੈਕਟਰੀ ਦੀ ਕੰਧ ਤੋਂ ਬਾਹਰ ਖੇਤ ਵਿਚ ਜਾ ਡਿੱਗੇ ਤੇ ਖੇਤ ਵਿਚ ਖੜੇ ਨਾੜ ਨੂੰ ਵੀ ਅੱਗ ਲੱਗ ਗਈ, ਜਿਸ ’ਤੇ ਕਾਬੂ ਪਾਉਂਦਿਆਂ ਨੇੜੇ ਘਰਾਂ ਵਿਚ ਰਹਿੰਦੇ ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਇਸ ਸੰਬੰਧੀ ਡੀ.ਐਸ.ਪੀ. ਰਾਹੁਲ ਕੌਸ਼ਲ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਥੋਂ 2 ਵਿਅਕਤੀਆਂ ਜਤਿੰਦਰ ਕੁਮਾਰ ਅਤੇ ਅੰਕੁਰ ਕੁਮਾਰ ਪੁੱਤਰ ਰਜਿੰਦਰ ਕੁਮਾਰ ਵਾਸੀ ਉੱਤਰ ਪ੍ਰਦੇਸ਼ ਨੂੰ ਕਾਬੂ ਕਰ ਲਿਆ ਹੈ, ਪੁਲਿਸ ਵਲੋਂ ਮੌਕੇ ’ਤੇ ਫੋਰੈਂਸਿਕ ਟੀਮ ਬੁਲਾ ਕੇ ਉਥੇ ਪਏ ਗੰਧਕ ਅਤੇ ਹੋਰ ਸਮਾਨ ਦੇ ਨੂਮਨੇ ਭਰੇ ਜਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਦੋਵੇਂ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।