ਨਵੇਂ ਨਿਯੁਕਤ ਕੀਤੇ ਨਾਇਬ ਤਹਿਸੀਲਦਾਰਾਂ ਤੋਂ ਰਜਿਸਟਰੇਸ਼ਨ ਦੇ ਅਧਿਕਾਰ ਲਏ ਵਾਪਸ

ਲੁਧਿਆਣਾ, 24 ਅਪ੍ਰੈਲ (ਪਰਮਿੰਦਰ ਸਿੰਘ ਆਹੂਜਾ)- ਸੂਬਾ ਸਰਕਾਰ ਵਲੋਂ ਬੀਤੇ ਦਿਨ ਜ਼ਮੀਨ ਜਾਇਦਾਦਾਂ ਦੀਆਂ ਰਜਿਸਟਰੀਆਂ ਨੂੰ ਤਸਦੀਕ ਕਰਨ ਦੇ ਅਧਿਕਾਰਨ ਨਾਇਬ ਤਹਿਸੀਲਦਾਰਾਂ ਨੂੰ ਦਿੱਤੇ ਗਏ ਸਨ ਪਰ ਬੀਤੇ ਦਿਨ ਲੁਧਿਆਣਾ ਸ਼ਹਿਰ ਵਿਚ ਇਨ੍ਹਾਂ ਨਾਇਬ ਤਹਿਸੀਲਦਾਰਾਂ ਵਲੋਂ ਸ਼ਰੇਆਮ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਲੋਕਾਂ ਦਾ ਕੰਮ ਕਾਜ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਸ ਸੰਬੰਧੀ ਅੱਜ ‘ਅਜੀਤ’ ਵੱਲੋਂ ਪ੍ਰਮੁੱਖਤਾ ਨਾਲ ਖਬਰ ਛਾਪੀ ਗਈ ਸੀ। ਅੱਜ ਸਵੇਰੇ ਹੀ ਡਿਪਟੀ ਕਮਿਸ਼ਨਰ ਵਲੋਂ ਇਨ੍ਹਾਂ ਨਾਇਬ ਤਹਿਸੀਲਦਾਰਾਂ ਤੋਂ ਰਜਿਸਟਰੇਸ਼ਨ ਦੇ ਅਧਿਕਾਰ ਵਾਪਸ ਲੈਂਦਿਆਂ ਮੁੜ ਤੋਂ ਕਾਨੂੰਗੋਆਂ ਨੂੰ ਇਹ ਅਧਿਕਾਰ ਦੇ ਦਿੱਤੇ ਗਏ। ਇਨ੍ਹਾਂ ਦਫ਼ਤਰਾਂ ਵਿਚ ਅੱਜ ਸਵੇਰ ਤੋਂ ਹੀ ਕੰਮ ਕਾਜ ਕਰਵਾਉਣ ਆਏ ਲੋਕਾਂ ਦੀ ਭਾਰੀ ਭੀੜ ਦੇਖਣ ਨੂੰ ਮਿਲੀ।