ਪਹਿਲਗਾਮ ਹਮਲੇ ਤੋਂ ਬਾਅਦ ਯਾਤਰਾ ਸ੍ਰੀ ਕਰਤਾਰਪੁਰ ਕੋਰੀਡੋਰ ਵੈਬਸਾਈਡ ਦਾ ਸਰਵਰ ਡਾਊਨ

ਅਟਾਰੀ, (ਅੰਮ੍ਰਿਤਸਰ), 24 ਅਪ੍ਰੈਲ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਭਾਰਤ ਦੇ ਸੈਰਗਾਹ ਇਲਾਕੇ ਪਹਿਲਗਾਮ ਸ੍ਰੀਨਗਰ ਵਿਖੇ ਪਾਕਿਸਤਾਨੀ ਅੱਤਵਾਦੀਆਂ ਵਲੋਂ ਘੁਸਪੈਠ ਕਰਕੇ ਸੈਲਾਨੀਆਂ ਨੂੰ ਚੁਣ ਚੁਣ ਕੇ ਸਰੇਆਮ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਜਿੱਥੇ ਭਾਰਤ ਦੀ ਮੋਦੀ ਸਰਕਾਰ ਵਲੋਂ ਪਾਕਿਸਤਾਨ ਖਿਲਾਫ਼ ਸਖ਼ਤ ਕਰਦਿਆਂ ਉਸ ਨਾਲ ਹਰ ਤਰ੍ਹਾਂ ਦੇ ਸੰਬੰਧ ਬੰਦ ਕਰ ਦਿੱਤੇ ਗਏ ਹਨ ਤੇ ਅਟਾਰੀ ਸਰਹੱਦ ਨੂੰ ਵੀ ਮੁਕੰਮਲ ਤੌਰ ’ਤੇ ਬੰਦ ਕਰ ਦਿੱਤਾ ਗਿਆ ਹੈ। ਉਸ ਤੋਂ ਉਪਰੰਤ ਹੁਣ ਭਾਰਤ ਤੋਂ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਨਾਰੋਵਾਲ ਪਾਕਿਸਤਾਨ ਦੇ ਯਾਤਰਾ ਕਰਨ ਲਈ ਰੋਜ਼ ਡੇਰਾ ਬਾਬਾ ਨਾਨਕ ਰਸਤੇ ਜਾਣ ਵਾਲੀਆਂ ਸੰਗਤਾਂ ਦੀ ਆਨਲਾਈਨ ਬੁਕਿੰਗ ਵਾਲੀ ਵੈਬਸਾਈਟ ਯਾਤਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਸਰਵਰ ਵੀ ਪਹਿਲਗਾਮ ਹਮਲੇ ਤੋਂ ਬਾਅਦ ਡਾਊਨ ਹੋਣਾ ਸ਼ੁਰੂ ਹੋ ਗਿਆ ਹੈ ਤੇ ਯਾਤਰੂਆਂ ਵਲੋਂ ਕਰਵਾਈ ਗਈ ਬੁਕਿੰਗ ਦਾ ਆਨਲਾਈਨ ਪੇਪਰ ਇਸ ਵੈੱਬਸਾਈਟ ਤੋਂ ਜਾਰੀ ਕਰਨ ਵਿਚ ਕਾਫੀ ਵੱਡੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।