ਭਾਜਪਾ ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਪਰਿਵਾਰ ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ, 21 ਅਪ੍ਰੈਲ-ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਅੱਜ ਨਵੀਂ ਦਿੱਲੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਉਹ ਆਪਣੇ ਮਾਪਿਆਂ, ਪਤਨੀ ਅਤੇ ਧੀ ਨਾਲ ਮਿਲਣ ਗਏ ਸਨ। ਮੁਲਾਕਾਤ ਤੋਂ ਬਾਅਦ ਜੈਵੀਰ ਸ਼ੇਰਗਿੱਲ ਨੇ ਸੋਸ਼ਲ ਮੀਡੀਆ 'ਤੇ ਤਸਵੀਰਾਂ ਸਾਂਝੀਆਂ ਕਰਦਿਆਂ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਲਿਖਿਆ ਕਿ ਪਰਿਵਾਰ ਸਮੇਤ ਮੋਦੀ ਜੀ ਨਾਲ ਮਿਲਣਾ ਉਨ੍ਹਾਂ ਲਈ ਮਾਣ ਦੀ ਗੱਲ ਸੀ। ਉਨ੍ਹਾਂ ਕਿਹਾ ਕਿ ਮੋਦੀ ਜੀ ਨੇ ਪੂਰੇ ਪਰਿਵਾਰ ਨੂੰ ਬਹੁਤ ਪਿਆਰ ਅਤੇ ਸਨਮਾਨ ਦਿੱਤਾ। ਉਨ੍ਹਾਂ ਅੱਗੇ ਲਿਖਿਆ ਕਿ ਮੋਦੀ ਜੀ ਬੱਚਿਆਂ ਨਾਲ ਮਾਸੂਮੀਅਤ ਨਾਲ, ਵੱਡਿਆਂ ਨਾਲ ਸਮਝਦਾਰੀ ਨਾਲ ਅਤੇ ਨੌਜਵਾਨ ਵਰਕਰਾਂ ਨਾਲ ਦਿਲੋਂ ਜੁੜਦੇ ਹਨ — ਜੋ ਕਿ ਬਹੁਤ ਹੀ ਪ੍ਰੇਰਣਾਦਾਇਕ ਗੱਲ ਹੈ। ਮੋਦੀ ਜੀ ਦੀ ਸਿੱਧੀ ਲੀਡਰਸ਼ਿਪ ਦੀ ਸਿਫਤ ਕਰਦੇ ਹੋਏ ਸ਼ੇਰਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਦੂਰਦ੍ਰਿਸ਼ਟੀ ਨਾਲ ਭਾਰਤ ਦੀ ਤਕਦੀਰ ਤੇ ਤਸਵੀਰ ਬਦਲ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੋਦੀ ਜੀ ਨੂੰ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਨਾਲ ਪਿਆਰ ਹੈ ਜੋ ਉਨ੍ਹਾਂ ਦੇ ਹਰ ਕੰਮ ਅਤੇ ਬੋਲ ਚਾਲ ਵਿਚ ਦਿਸਦਾ ਹੈ।