ਮੁੱਖ ਮੰਤਰੀ ਨੂੰ ਮਿਲਣ ਜਾ ਰਹੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ
ਛਾਜਲੀ, (ਸੰਗਰੂਰ), 15 ਅਪ੍ਰੈਲ- ਸੰਗਰੂਰ ਦੇ ਪਿੰਡ ਛਾਜਲੀ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੇ ਸਰਕਾਰੀ ਪ੍ਰੋਗਰਾਮ ਨਜ਼ਦੀਕ ਕਿਸਾਨਾਂ ਵਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਅਤੇ ਪੁਲਿਸ ਵਿਚਾਲੇ ਉਸ ਸਮੇਂ ਵੱਡੀ ਝੜਪ ਹੋਈ ਹੈ, ਜਦੋਂ ਕਿਸਾਨ ਮੁੱਖ ਮੰਤਰੀ ਭਗਵੰਤ ਮਾਨ ਕੋਲ ਸਵਾਲ ਕਰਨ ਲਈ ਜਾਣਾ ਚਾਹੁੰਦੇ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਯੂਨੀਅਨ ਦੇ ਕਿਸਾਨ ਪਿੰਡ ਛਾਜਲੀ ਦੇ ਵਿਚ ਮੌਜੂਦ ਹਨ ਤੇ ਤਕਰੀਬਨ 500 ਮੀਟਰ ਦੂਰ ਸਰਕਾਰੀ ਸਕੂਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਰਕਾਰੀ ਪ੍ਰੋਗਰਾਮ ਹੈ। ਸਿੱਖਿਆ ਕ੍ਰਾਂਤੀ ਸਕੀਮ ਦੇ ਤਹਿਤ ਪਿੰਡ ਛਾਜਲੀ ਦੇ ਸਰਕਾਰੀ ਸਕੂਲ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸਕੂਲ ਦੇ ਵਿਚ ਨਿਰਮਾਣ ਕਾਰਜਾਂ ਦਾ ਉਦਘਾਟਨ ਕੀਤਾ ਜਾਣਾ ਹੈ। ਫਿਲਹਾਲ ਪੁਲਿਸ ਨੇ ਬੈਰੀਗੇਡਿੰਗ ਕੀਤੀ ਹੋਈ ਹੈ ਅਤੇ ਕਿਸਾਨਾਂ ਨੂੰ ਉਥੇ ਹੀ ਰੋਕ ਲਿਆ ਗਿਆ ਹੈ ਅਤੇ ਇਸ ਵਕਤ ਵੀ ਕਿਸਾਨ ਉੱਥੇ ਹੀ ਮੌਜੂਦ ਹਨ।