‘ਆਪ’ ਨੇਤਾ ਦੁਰਗੇਸ਼ ਪਾਠਕ ਦੇ ਘਰ ਸੀ.ਬੀ.ਆਈ. ਨੇ ਮਾਰਿਆ ਛਾਪਾ

ਨਵੀਂ ਦਿੱਲੀ, 16 ਅਪ੍ਰੈਲ- ਅੱਜ ਸਵੇਰੇ ਸੀ.ਬੀ.ਆਈ. ਦੀ ਇਕ ਟੀਮ ਆਮ ਆਦਮੀ ਪਾਰਟੀ ਦੇ ਨੇਤਾ ਦੁਰਗੇਸ਼ ਪਾਠਕ ਦੇ ਘਰ ਪਹੁੰਚੀ। ਪਾਰਟੀ ਨੇਤਾ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਦੀ ਟੀਮ ਉਨ੍ਹਾਂ ਦੀ ਪਾਰਟੀ ਦੇ ਨੇਤਾ ਅਤੇ ਗੁਜਰਾਤ ਚੋਣ ਇੰਚਾਰਜ ਦੁਰਗੇਸ਼ ਪਾਠਕ ਦੇ ਘਰ ਪਹੁੰਚ ਗਈ ਹੈ। ਇਸ ਦੇ ਨਾਲ ਹੀ, ਕੇਜਰੀਵਾਲ ਸਮੇਤ ‘ਆਪ’ ਦੇ ਕਈ ਵੱਡੇ ਨੇਤਾਵਾਂ ਨੇ ਸੋਸ਼ਲ ਮੀਡੀਆ ’ਤੇ ਪੋਸਟ ਕਰਕੇ ਭਾਜਪਾ ’ਤੇ ਹਮਲਾ ਬੋਲਿਆ ਹੈ ਤੇ ਇਸ ਨੂੰ ਉਨ੍ਹਾਂ ਦੀ ਪਾਰਟੀ ਨੂੰ ਤਬਾਹ ਕਰਨ ਦੀ ਸਾਜ਼ਿਸ਼ ਦੱਸਿਆ ਹੈ। ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ‘ਆਪ’ ਨੇਤਾ ਦੁਰਗੇਸ਼ ਪਾਠਕ ’ਤੇ ਸੀ.ਬੀ.ਆਈ. ਦੀ ਛਾਪੇਮਾਰੀ ਵਿਦੇਸ਼ੀ ਫੰਡਿੰਗ ਵਿਚ ਬੇਨਿਯਮੀਆਂ ਦੇ ਸੰਬੰਧ ਵਿਚ ਕੀਤੀ ਜਾ ਰਹੀ ਹੈ। ਸੀ.ਬੀ.ਆਈ. ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਐਫ਼.ਸੀ.ਆਰ.ਏ. ਦੀ ਉਲੰਘਣਾ ਕੀਤੀ ਗਈ ਹੈ। ਇਸ ਮਾਮਲੇ ਵਿਚ ਸੀ.ਬੀ.ਆਈ. ਛਾਪੇਮਾਰੀ ਜਾਰੀ ਹੈ। ਆਪ ਨੇਤਾ ਸੰਜੇ ਸਿੰਘ ਨੇ ਸੀ.ਬੀ.ਆਈ. ਛਾਪੇਮਾਰੀ ਨੂੰ ਲੈ ਕੇ ਭਾਜਪਾ ’ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਭਾਜਪਾ ’ਤੇ ਗੰਦੀ ਖੇਡ ਖੇਡਣ ਦਾ ਦੋਸ਼ ਲਗਾਇਆ ਹੈ।