ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ

ਕਪੂਰਥਲਾ, 14 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)-ਅਸਟੇਟ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਕੁਝ ਦਿਨਾਂ ਤੋਂ ਰਹਿ ਰਹੇ ਇਕ ਅਣਪਛਾਤੇ ਵਿਅਕਤੀ ਦੀ ਭੇਤਭਰੀ ਹਾਲਤ ਵਿਚ ਮੌਤ ਹੋ ਗਈ, ਜਿਸਨੂੰ ਸੂਚਨਾ ਮਿਲਣ 'ਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ.ਐਸ.ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਸਟੇਟ ਗੁਰਦੁਆਰਾ ਸਾਹਿਬ ਦੇ ਮੈਨੇਜਰ ਬਾਬਾ ਕੁਲਵਿੰਦਰ ਸਿੰਘ ਨੇ ਸੂਚਨਾ ਦਿੱਤੀ ਕਿ ਗੁਰਦੁਆਰਾ ਸਾਹਿਬ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੋਈ ਹੈ। ਇਸ 'ਤੇ ਉਹ ਮੌਕੇ 'ਤੇ ਪੁੱਜੇ ਤੇ ਲਾਸ਼ ਨੂੰ ਕਬਜ਼ੇ ਵਿਚ ਲਿਆ। ਮ੍ਰਿਤਕ ਵਿਅਕਤੀ ਕੋਲ ਕੋਈ ਵੀ ਪਛਾਣ ਪੱਤਰ ਬਰਾਮਦ ਨਾ ਹੋਣ ਕਾਰਨ ਉਸਦੀ ਪਛਾਣ ਨਹੀਂ ਹੋ ਸਕੀ। ਏ.ਐਸ.ਆਈ. ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਉਮਰ ਲਗਭਗ 55 ਸਾਲ ਲੱਗਦੀ ਹੈ। ਉਸਨੇ ਚੈੱਕਦਾਰ ਕਮੀਜ਼ ਤੇ ਨੀਲਾ ਪਜਾਮਾ ਪਾਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖ਼ਤ ਲਈ 72 ਘੰਟਿਆਂ ਵਾਸਤੇ ਮੁਰਦਾਘਰ ਵਿਚ ਰਖਵਾ ਦਿੱਤੀ ਹੈ।