ਅਫ਼ਗਾਨਿਸਤਾਨ ’ਚ ਲੱਗੇ ਭੁਚਾਲ ਦੇ ਝਟਕੇ

ਕਾਬੁਲ, 16 ਅਪ੍ਰੈਲ- ਅੱਜ ਸਵੇਰੇ ਅਫ਼ਗਾਨਿਸਤਾਨ ਵਿਚ 5.9 ਤੀਬਰਤਾ ਦਾ ਭੁਚਾਲ ਆਇਆ। ਇਸ ਦੀ ਤੀਬਰਤਾ ਇੰਨੀ ਜ਼ਿਆਦਾ ਸੀ ਕਿ ਇਸ ਦਾ ਪ੍ਰਭਾਵ ਭਾਰਤ ਦੇ ਕਈ ਖੇਤਰਾਂ ਵਿਚ ਮਹਿਸੂਸ ਕੀਤਾ ਗਿਆ। ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ, ਇਸ ਦਾ ਸਭ ਤੋਂ ਵੱਧ ਪ੍ਰਭਾਵ ਪਾਕਿਸਤਾਨ ਅਤੇ ਤਜ਼ਾਕਿਸਤਾਨ ਵਿਚ ਪਿਆ। ਇਹ ਭੁਚਾਲ ਅਫਗਾਨਿਸਤਾਨ ਦੇ ਹਿੰਦੂਕੁਸ਼ ਖੇਤਰ ਵਿਚ ਆਇਆ। ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਵਿਚ ਜ਼ਮੀਨ ਤੋਂ 75 ਕਿਲੋਮੀਟਰ ਹੇਠਾਂ ਸੀ। 5.9 ਤੀਬਰਤਾ ਦੇ ਭੂਚਾਲ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਲਈ ਕਾਫ਼ੀ ਸ਼ਕਤੀਸ਼ਾਲੀ ਮੰਨਿਆ ਜਾਂਦਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਸਾਹਮਣੇ ਨਹੀਂ ਆਈ ਹੈ।