ਸੜਕ ਹਾਦਸੇ ’ਚ ਦੋ ਬੱਚਿਆਂ ਸਮੇਤ ਤਿੰਨ ਦੀ ਮੌਤ

ਮੁਕੇਰੀਆਂ, 16 ਅਪ੍ਰੈਲ- ਅੱਜ ਹਾਜੀਪੁਰ ਮੁਕੇਰੀਆਂ ਸੜਕ ’ਤੇ ਸਥਿਤ ਇਕ ਕਲੋਨੀ ਵਿਚ ਦਰਦਨਾਕ ਹਾਦਸਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਵਿਚ ਦੋ ਮਾਸੂਮ ਬੱਚਿਆਂ ਸਮੇਤ ਤਿੰਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮੁਕੇਸ਼ ਕੁਮਾਰ ਆਪਣੇ ਭਤੀਜੇ ਸਮੀਰ ਉਮਰ 5 ਸਾਲ ਤੇ ਭਤੀਜੀ ਪਰੀ ਉਮਰ 6 ਸਾਲ ਦੇ ਨਾਲ ਐਕਟਿਵਾ ’ਤੇ ਬਾਜ਼ਾਰ ਤੋਂ ਵਾਪਸ ਆ ਰਿਹਾ ਸੀ ਤੇ ਜਦੋਂ ਹੀ ਉਹ ਮੁਹੱਲਾ ਬੁਰਜ ਕਲੋਨੀ ਪੁੱਜਾ ਤਾਂ ਪਿੱਛੇ ਤੋਂ ਆ ਰਹੇ ਇਕ ਟਿੱਪਰ ਵਲੋਂ ਗਲਤ ਸਾਈਡ ’ਤੇ ਆ ਕੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਗਈ। ਇਸ ਵਿਚ ਬੱਚਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਤੇ ਮੁਕੇਸ਼ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਵਲੋਂ ਟਿੱਪਰ ਚਾਲਕ ਸੁਰਿੰਦਰ ਸਿੰਘ ਵਾਸੀ ਰਾਜਪੁਰ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।