ਕਿਸਾਨਾਂ ਦੀ ਮਹਾਂਪੰਚਾਇਤ 'ਚ ਹਸਪਤਾਲ ਤੋਂ ਛੁੱਟੀ ਮਿਲਣ ਉਪਰੰਤ ਪੁੱਜੇ ਡੱਲੇਵਾਲ

ਫ਼ਰੀਦਕੋਟ, 3 ਅਪ੍ਰੈਲ (ਜਸਵੰਤ ਸਿੰਘ ਪੁਰਬਾ)-ਖਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਧਰਨਾ ਖ਼ਤਮ ਕਰਵਾਏ ਜਾਣ ਤੋਂ ਬਾਅਦ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਮਰਨ ਵਰਤ ’ਤੇ ਬੈਠੇ ਸਨ, ਉਨ੍ਹਾਂ ਨੂੰ ਡੀਟੇਨ ਕਰਕੇ ਪਟਿਆਲਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਦਾ ਮਰਨ ਵਰਤ ਖੁੱਲ੍ਹਵਾਇਆ ਗਿਆ ਪਰ ਇਸੇ ਦਰਮਿਆਨ ਬਾਰਡਰ ਖ਼ਾਲੀ ਕਰਵਾਉਣ ਤੋਂ ਪਹਿਲਾਂ ਕਈ ਕਿਸਾਨ ਆਗੂਆਂ ਨੂੰ ਹਿਰਾਸਤ ’ਚ ਲਿਆ ਗਿਆ ਸੀ ਜਿਨ੍ਹਾਂ ਦੀ ਰਿਹਾਈ ਲਈ ਜਗਜੀਤ ਸਿੰਘ ਦੇ ਪੁੱਤਰ ਦੀ ਅਗਵਾਈ ’ਚ ਪਿੰਡ ਡੱਲੇਵਾਲਾ ਵਿਖੇ ਹੀ ਧਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਉਧਰ ਬੀ.ਕੇ.ਯੂ. ਗੈਰ-ਰਾਜਨੀਤਿਕ ਵਲੋਂ ਪੰਜਾਬ ਦੇ ਵੱਖ-ਵੱਖ ਹਿੱਸਿਆਂ ’ਚ ਮਹਾਂਪੰਚਾਇਤ ਕਰਕੇ ਕਿਸਾਨੀ ਮੁੱਦਿਆਂ ਅਤੇ ਸਰਕਾਰ ਦੀ ਬੇਰੁਖੀ ਉਤੇ ਮੰਥਨ ਕਰਨ ਦਾ ਐਲਾਨ ਕੀਤਾ ਗਿਆ, ਜਿਸ ਦੀ ਪਹਿਲੀ ਮਹਾਂਪੰਚਾਇਤ ਪਿੰਡ ਡੱਲੇਵਾਲਾ ਹੀ ਰੱਖੀ ਗਈ ਸੀ, ਜਿਸ ’ਚ ਜ਼ਿਲ੍ਹਾ ਫ਼ਰੀਦਕੋਟ ਦੇ ਕਿਸਾਨਾਂ ਦਾ ਭਾਰੀ ਇਕੱਠ ਕੀਤਾ ਗਿਆ ਜਿਥੇ ਅੱਜ ਜਗਜੀਤ ਸਿੰਘ ਡੱਲੇਵਾਲ ਸ਼ਾਮਿਲ ਹੋਏ।
ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਇਹ ਲੜਾਈ ਐਮ.ਐਸ.ਪੀ. ਦੀ ਹੈ ਜੋ ਸਾਡੀ ਇਹ ਮੰਗ ਪੂਰੀ ਹੋਣ ਤੱਕ ਜਾਰੀ ਰਹੇਗੀ ਪਰ ਸਰਕਾਰ ਵਲੋਂ ਗਲਤ ਕੀਤਾ ਗਿਆ, ਮੀਟਿੰਗ ’ਚ ਬੁਲਾ ਕੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਅਤੇ ਬਾਰਡਰ ’ਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਇਕ ਪਾਸੇ ਫ਼ਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ ਪਰ ਦੂਜੇ ਪਾਸੇ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਹਰ ਫ਼ਸਲ ’ਤੇ ਐਮ.ਐਸ.ਪੀ. ਮਿਲੇਗੀ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਝੋਨੇ ਦੀ ਫ਼ਸਲ ਦੇ ਚੱਕਰ ’ਚੋਂ ਕਿਸਾਨ ਨਹੀਂ ਨਿਕਲ ਸਕਣਗੇ, ਜਿਸ ਨਾਲ ਆਉਣ ਵਾਲੇ 15 ਸਾਲਾਂ ’ਚ ਪੰਜਾਬ ਅੰਦਰ ਧਰਤੀ ਹੇਠਲਾ ਪਾਣੀ ਬਹੁਤ ਨੀਵੇਂ ਪੱਧਰ ’ਤੇ ਚਲਾ ਜਾਵੇਗਾ, ਜਿਸ ਨਾਲ ਪੰਜਾਬ ਦੇ ਲੋਕ ਪਾਣੀ ਤੋਂ ਵੀ ਵਾਂਝੇ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ’ਚ 10 ਮਹਾਂਪੰਚਾਇਤਾਂ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਲੜਾਈ ਅੱਗੇ ਵੀ ਜਾਰੀ ਰਹੇਗੀ। ਇਸ ਦੌਰਾਨ ਹਰਿਆਣਾ ਤੋਂ ਅਭਿਮਨਿਯੁ ਕੋਹਾੜ, ਸੁਰਜੀਤ ਸਿੰਘ ਹਰਦੋ ਝੰਡੇ, ਬਲਦੇਵ ਸਿੰਘ ਸੰਦੋਹਾ, ਲਵਜੀਤ ਸਿੰਘ ਮੋਗਾ, ਇੰਦਰਜੀਤ ਸਿੰਘ ਘਣੀਆ, ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਰੁਪਈਆਂ ਵਾਲਾ ਅਤੇ ਨੈਬ ਸਿੰਘ ਸ਼ੇਰ ਸਿੰਘ ਵਾਲਾ ਆਦਿ ਹਾਜ਼ਰ ਸਨ।