ਪ੍ਰਦਰਸ਼ਨਕਾਰੀ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ

ਜਲੰਧਰ, 31 ਮਾਰਚ- ਪੰਜਾਬ ਵਿਚ, ਕਿਸਾਨਾਂ ਨੇ ਅੱਜ ਮੰਤਰੀਆਂ ਅਤੇ ਵਿਧਾਇਕਾਂ ਦੇ ਘਰਾਂ ਦੇ ਬਾਹਰ 4 ਘੰਟੇ ਦਾ ਸ਼ਾਂਤਮਈ ਧਰਨਾ ਦੇਣ ਦੀ ਯੋਜਨਾ ਬਣਾਈ ਹੈ। ਇਹ ਧਰਨਾ ਪੰਜਾਬ ਸਰਕਾਰ ਵਲੋਂ ਸ਼ੰਭੂ ਬੈਰੀਅਰ ਤੋਂ ਕਿਸਾਨਾਂ ਨੂੰ ਚੁੱਕਣ ਦੇ ਫੈਸਲੇ ਦੇ ਵਿਰੋਧ ਵਿਚ ਲਗਾਇਆ ਜਾ ਰਿਹਾ ਹੈ। ਇਸੇ ਤਹਿਤ ਕਿਸਾਨ ਅੱਜ ਜਲੰਧਰ ਸ਼ਹਿਰ ਵਿਚ ਕੈਬਨਿਟ ਮੰਤਰੀ ਮਹਿੰਦਰ ਭਗਤ ਦੇ ਘਰ ਦੇ ਬਾਹਰ ਧਰਨਾ ਦੇ ਰਹੇ ਸਨ। ਇਸ ਦੌਰਾਨ, ਪੁਲਿਸ ਨੇ ਸ਼ਾਂਤਮਈ ਧਰਨਾ ਦੇਣ ਆਏ ਕਿਸਾਨਾਂ ਦੇ ਸਾਹਮਣੇ ਬੈਰੀਕੇਡ ਲਗਾ ਦਿੱਤੇ। ਇਸ ਤੋਂ ਬਾਅਦ ਪੁਲਿਸ ਅਤੇ ਕਿਸਾਨਾਂ ਵਿਚਕਾਰ ਝੜਪ ਹੋ ਗਈ ਅਤੇ ਕਿਸਾਨਾਂ ਨੇ ਜ਼ਬਰਦਸਤੀ ਬੈਰੀਕੇਡ ਹਟਾਉਣ ਦੀ ਕੋਸ਼ਿਸ਼ ਵੀ ਕੀਤੀ। ਕਿਸਾਨ ਆਗੂ ਨੇ ਕਿਹਾ ਕਿ ਅਸੀਂ ਇਥੇ ਸ਼ਾਂਤੀਪੂਰਵਕ ਵਿਰੋਧ ਕਰਨ ਆਏ ਸੀ ਪਰ ਸਾਡੀਆਂ ਔਰਤਾਂ ਨੂੰ ਪੁਲਿਸ ਵਾਲਿਆਂ ਨੇ ਧੱਕਾ ਦਿੱਤਾ, ਸਾਡੇ ਨਾਲ ਵੀ ਧੱਕਾ ਕੀਤਾ ਗਿਆ। ਇਹ ਚਾਰ ਘੰਟੇ ਦਾ ਵਿਰੋਧ ਪ੍ਰਦਰਸ਼ਨ ਹੈ। ਕਿਸਾਨਾਂ ਨੇ ਪੁਲਿਸ ਕਾਰਵਾਈ ਨੂੰ ਗਲਤ ਦੱਸਿਆ।