ਆਈਸ ਕਰੀਮ ਵੇਚਣ ਵਾਲੇ ਦੀ ਲੁੱਟ ਦੇ ਮਾਮਲੇ 'ਚ 3 ਮੁਲਜ਼ਮ ਗ੍ਰਿਫ਼ਤਾਰ

ਜਲੰਧਰ, 24 ਮਾਰਚ-ਸ਼ਹਿਰ ਵਿਚ ਲੁੱਟ-ਖੋਹ ਦੀਆਂ ਘਟਨਾਵਾਂ ਵਿਰੁੱਧ ਕਾਰਵਾਈ ਕਰਦਿਆਂ ਕਮਿਸ਼ਨਰੇਟ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਜਨਤਾ ਕਾਲੋਨੀ ਵਿਚ ਇਕ ਆਈਸ ਕਰੀਮ ਵਿਕਰੇਤਾ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ ਖੋਹ ਦੀ ਘਟਨਾ ਵਿਚ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬਜ਼ੇ ਵਿਚੋਂ ਬਿਨਾਂ ਨੰਬਰ ਪਲੇਟ ਵਾਲਾ ਇਕ ਮੋਟਰਸਾਈਕਲ, ਇਕ ਮੋਬਾਈਲ, ਇਕ ਚਾਕੂ ਅਤੇ 1,400 ਰੁਪਏ ਬਰਾਮਦ ਕੀਤੇ ਗਏ ਹਨ।
ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਆਈਸ ਕਰੀਮ ਵੇਚਣ ਵਾਲੇ ਵਿਸ਼ਾਲ ਨਾਇਕ ਨੇ ਸ਼ਿਕਾਇਤ ਕੀਤੀ ਸੀ ਕਿ ਇਕ ਬਾਈਕ 'ਤੇ ਸਵਾਰ ਤਿੰਨ ਨੌਜਵਾਨਾਂ ਨੇ ਬੰਦੂਕ ਦੀ ਨੋਕ 'ਤੇ ਉਸ ਤੋਂ 2,000 ਰੁਪਏ ਨਕਦ ਅਤੇ ਇਕ ਫ਼ੋਨ ਖੋਹ ਲਿਆ ਅਤੇ ਭੱਜ ਗਏ। ਇਸ ਤੋਂ ਬਾਅਦ ਪੀੜਤ ਦੀ ਸ਼ਿਕਾਇਤ 'ਤੇ ਪੁਲਿਸ ਥਾਣਾ 1 ਨੇ ਦੋਸ਼ੀ ਵਿਰੁੱਧ ਐਫ.ਆਈ.ਆਰ. ਨੰਬਰ 31, ਧਾਰਾ 309 (4) ਅਤੇ 3 (5) ਬੀ.ਐਨ.ਐਸ. ਤਹਿਤ ਮਾਮਲਾ ਦਰਜ ਕੀਤਾ, ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕੀਤੀ ਅਤੇ ਉਨ੍ਹਾਂ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਲਵ ਪੁੱਤਰ ਹਰਭਜਨ ਸਿੰਘ, ਅਮਨਪ੍ਰੀਤ ਸਿੰਘ ਉਰਫ਼ ਵਿਸ਼ਾਲ ਪੁੱਤਰ ਹਰਜੀਤ ਸਿੰਘ ਅਤੇ ਰਿਆਸ ਕਲਿਆਣ ਉਰਫ਼ ਨਾਨੂ ਪੁੱਤਰ ਬਲਵਿੰਦਰ ਵਾਸੀ ਕਪੂਰਥਲਾ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਹਥਿਆਰ, ਚੋਰੀ ਹੋਈ ਨਕਦੀ, ਮੋਬਾਈਲ ਫੋਨ ਅਤੇ ਅਪਰਾਧ ਵਿਚ ਵਰਤਿਆ ਗਿਆ ਮੋਟਰਸਾਈਕਲ ਬਰਾਮਦ ਕਰ ਲਿਆ ਹੈ।