ਪਿੰਡ ਭੁੱਲਰ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਦੋਸ਼ੀ ਗ੍ਰਿਫ਼ਤਾਰ

ਸ੍ਰੀ ਮੁਕਤਸਰ ਸਾਹਿਬ, 24 ਮਾਰਚ (ਰਣਜੀਤ ਸਿੰਘ ਢਿੱਲੋਂ)- ਪਿੰਡ ਭੁੱਲਰ ਵਿਖੇ ਹੋਏ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਦੋਸ਼ੀ ਨੂੰ ਗਿ੍ਰਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ। ਜ਼ਿਲ੍ਹਾ ਪੁਲਿਸ ਮੁਖੀ ਡਾ. ਅਖਿਲ ਚੌਧਰੀ ਨੇ ਦੱਸਿਆ ਕਿ ਦੋਸ਼ੀ ਬਲਵਰ ਸਿੰਘ ਪੁੱਤਰ ਜਸਕਰਨ ਸਿੰਘ ਨੂੰ ਤਕਨੀਕੀ ਸਹਾਇਤਾ ਨਾਲ ਬਹੁਤ ਜਲਦੀ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਵਲੋਂ ਘਟਨਾ ਦੌਰਾਨ ਵਰਤੀ ਗਈ ਲਾਇਸੰਸੀ 12 ਬੋਰ ਬੰਦੂਕ ਵੀ ਬਰਾਮਦ ਕਰ ਲਈ ਗਈ ਹੈ। ਜਦੋਂ ਬੂਟਾ ਸਿੰਘ ਅਤੇ ਉਸ ਦਾ ਭਰਾ ਮਨਦੀਪ ਸਿੰਘ ਉਲਾਂਭਾ ਲੈ ਕੇ ਬਲਵਰ ਸਿੰਘ ਦੇ ਘਰ ਗਏ ਸਨ ਤਾਂ ਉਨਾਂ ਗੋਲੀ ਚਲਾ ਦਿੱਤੀ, ਜਿਸ ਕਾਰਨ ਬੂਟਾ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ ਸੀ। ਦੋਸ਼ੀ ਬਲਵਰ ਸਿੰਘ ਬੂਟਾ ਸਿੰਘ ਦੀ ਧੀ ’ਤੇ ਮਾੜੀ ਨਜ਼ਰ ਰੱਖਦਾ ਸੀ ਅਤੇ ਮੈਸਜ ਭੇਜਦਾ ਸੀ, ਜਦੋਂ ਦੋਵੇਂ ਭਰਾ ਇਸ ਸੰਬੰਧੀ ਪਰਿਵਾਰ ਨੂੰ ਉਲਾਂਭਾ ਦੇਣ ਗਏ ਤਾਂ ਉਸ ਨੇ ਬੰਦੂਕ ਨਾਲ ਘਟਨਾ ਨੂੰ ਅੰਜਾਮ ਦੇ ਦਿੱਤਾ। ਜ਼ਖਮੀ ਇਸ ਸਮੇਂ ਫਰੀਦਕੋਟ ਵਿਖੇ ਜ਼ੇਰੇ ਇਲਾਜ ਹੈ।