ਧਰਮ ਪ੍ਰਚਾਰ ਲਹਿਰ ਦੀ ਵਿਉਂਤਬੰਦੀ ਲਈ ਜਥੇਦਾਰ ਵਲੋਂ ਮਾਝਾ ਜੋਨ ਦੇ ਪ੍ਰਚਾਰਕਾਂ ਨਾਲ ਇਕੱਤਰਤਾ


ਅੰਮ੍ਰਿਤਸਰ, 22 ਮਾਰਚ (ਜਸਵੰਤ ਸਿੰਘ ਜੱਸ)- ਪੰਜਾਬ ਦੇ ਮਾਝਾ ਖੇਤਰ ਵਿਚ ਧਰਮ ਪ੍ਰਚਾਰ ਲਹਿਰ ਨੂੰ ਪ੍ਰਚੰਡ ਕਰਨ ਅਤੇ ਇਸ ਸਾਲ ਆ ਰਹੀਆਂ ਦੋ ਸ਼ਤਾਬਦੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਉਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਅੱਜ ਅੰਮ੍ਰਿਤਸਰ ਮਾਝਾ ਜ਼ੋਨ ਦੇ ਸਮੂਹ ਪ੍ਰਚਾਰਕਾਂ, ਨਿਗਰਾਨ, ਢਾਡੀ ਤੇ ਕਵੀਸ਼ਰ ਸਿੰਘਾਂ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਕੀਤੀ ਗਈ, ਜਿਸ ਵਿਚ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਤਰਨ ਤਾਰਨ, ਕਪੂਰਥਲਾ, ਫ਼ਿਰੋਜ਼ਪੁਰ ਅਤੇ ਜਲੰਧਰ ਜ਼ਿਲ੍ਹਿਆਂ ਦੇ ਪ੍ਰਚਾਰਕ, ਢਾਡੀ ਤੇ ਕਵੀਸ਼ਰ ਸਿੰਘਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਇਕੱਤਰਤਾ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਿਜੈ ਸਿੰਘ ਨੇ ਵੀ ਸ਼ਮੂਲੀਅਤ ਕੀਤੀ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਧਰਮ ਪ੍ਰਚਾਰ ਸੰਬੰਧੀ ਚੱਲ ਰਹੇ ਮੌਜੂਦਾ ਕਾਰਜਾਂ ਅਤੇ ਅਗਾਂਹ ਵਾਸਤੇ ਵਿਉਂਤਬੰਦੀ ਲਈ ਵਿਚਾਰ ਰੱਖੇ। ਪ੍ਰਚਾਰਕ ਸਿੰਘਾਂ ਦੀ ਤਰਫੋਂ ਭਾਈ ਜਸਪਾਲ ਸਿੰਘ, ਕਵੀਸ਼ਰ ਸਿੰਘਾਂ ਵਲੋਂ ਗਿਆਨੀ ਸਤਨਾਮ ਸਿੰਘ ਬੱਲੋਵਾਲ ਤੇ ਢਾਡੀ ਸਿੰਘਾਂ ਵਲੋਂ ਗਿਆਨੀ ਜਸਬੀਰ ਸਿੰਘ ਵਲਟੋਹਾ ਨੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਰੱਖੇ ਅਤੇ ਪ੍ਰਚਾਰ ਦੇ ਖੇਤਰ ਵਿਚ ਜੋ ਚੁਣੌਤੀਆਂ ਅਤੇ ਮੁਸ਼ਕਿਲਾਂ ਹਨ, ਉਹ ਦੱਸੀਆਂ। ਇਕੱਤਰਤਾ ਤੋਂ ਬਾਅਦ ਗੱਲਬਾਤ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਮਾਝਾ ਜ਼ੋਨ ਦੇ ਸਿੱਖ ਪ੍ਰਚਾਰਕਾਂ ਨਾਲ ਅੱਜ ਇਕ ਭਰਵੀਂ ਇਕੱਤਰਤਾ ਵਿੱਚ ਧਰਮ ਪ੍ਰਚਾਰ ਸੰਬੰਧੀ ਲੰਬਾ ਵਿਚਾਰ ਵਟਾਂਦਰਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਇਹ ਤੈਅ ਹੋਇਆ ਹੈ ਕਿ ਪਹਿਲਾਂ ਤੋਂ ਚੱਲ ਰਹੀ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਜਜ਼ਬੇ, ਜੋਸ਼ ਅਤੇ ਜਨੂਨ ਨਾਲ ਅਗਾਂਹ ਲੈ ਕੇ ਜਾਇਆ ਜਾਵੇ। ਸ਼੍ਰੋਮਣੀ ਕਮੇਟੀ ਦੇ ਹੈੱਡ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਸਟੇਜ ਸੰਚਾਲਕ ਦੀ ਸੇਵਾ ਨਿਭਾਈ।