ਵਿਧਾਇਕ ਕਟਾਰੀਆ ਵਲੋਂ ਵਿਧਾਨ ਸਭਾ ’ਚ ਰੇਲਵੇ ਪੁਲ ਮੱਖੂ ਦਾ ਮੁੱਦਾ ਚੁੱਕਣਾ ਸ਼ਲਾਘਾਯੋਗ

ਮੱਖੂ, 21 ਮਾਰਚ (ਵਰਿੰਦਰ ਮਨਚੰਦਾ)-ਲੰਬੇ ਸਮੇਂ ਤੋਂ ਨੈਸ਼ਨਲ ਹਾਈਵੇ-54 ’ਤੇ ਪੈਂਦੇ ਰੇਲਵੇ ਫਾਟਕ ਮੱਖੂ ਉਪਰ ਪੁਲ ਬਣਾਉਣ ਸਬੰਧੀ ਆ ਰਹੀਆਂ ਸਮੱਸਿਆਵਾਂ ਨੂੰ ਅੱਜ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਵਲੋਂ ਵਿਧਾਨ ਸਭਾ ’ਚ ਪ੍ਰਮੁੱਖਤਾ ਨਾਲ ਉਠਾਉਂਦਿਆਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ’ਚ ਰੱਖਦਿਆਂ ਇਸ ਪੁਲ ਨੂੰ ਜਲਦ ਬਣਾਉਣ ਦੀ ਮੰਗ ਕੀਤੀ। ਵਿਧਾਇਕ ਕਟਾਰੀਆ ਵਲੋਂ ਵਿਧਾਨ ਸਭਾ ’ਚ ਚੁੱਕੇ ਗਏ ਇਸ ਮੁੱਦੇ ’ਤੇ ਪੂਰੇ ਸ਼ਹਿਰ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਨਰੇਸ਼ ਕਟਾਰੀਆ ਦੇ ਭਰਾ ਅਤੇ ਨਗਰ ਪੰਚਾਇਤ ਮੱਖੂ ਦੇ ਪ੍ਰਧਾਨ ਨਰਿੰਦਰ ਮੋਹਣ ਕਟਾਰੀਆ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਰੇਲਵੇ ਪੁਲ ’ਤੇ ਫਾਟਕ ਉਪਰ ਪੁਲ ਬਣਨ ਨਾਲ ਸਥਾਨਕ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਜਿਥੇ ਵੱਡੀ ਸਮੱਸਿਆ ਤੋਂ ਨਿਜਾਤ ਮਿਲੇਗੀ, ਉਥੇ ਕਈ-ਕਈ ਘੰਟੇ ਤੱਕ ਲੱਗਦੇ ਫਾਟਕ ਤੋਂ ਪ੍ਰੇਸ਼ਾਨ ਲੋਕਾਂ ਨੂੰ ਸੁੱਖ ਦਾ ਸਾਹ ਮਿਲੇਗਾ। ਪ੍ਰਧਾਨ ਕਟਾਰੀਆ ਨੇ ਦੱਸਿਆ ਕਿ ਵਿਧਾਇਕ ਕਟਾਰੀਆ ਨੂੰ ਕੈਬਨਿਟ ਮੰਤਰੀ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਇਕ ਹਫ਼ਤੇ ਤੱਕ ਇਸ ਪੁਲ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਕੌਂਸਲਰ ਮਨਜਿੰਦਰ ਸਿੰਘ ਮਿੰਟੂ, ਸੰਦੀਪ ਠੁਕਰਾਲ, ਹੀਰਾ ਸਿੰਘ, ਸੌਰਵ ਅਹੂਜਾ, ਹੀਰਾ ਅਤੇ ਹੋਰ ਪਤਵੰਤਿਆਂ ਨੇ ਵੀ ਵਿਧਾਇਕ ਕਟਾਰੀਆ ਵਲੋਂ ਵਿਧਾਨ ਸਭਾ ’ਚ ਰੇਲਵੇ ਫਾਟਕ ਮੱਖੂ ਦੇ ਉਠਾਏ ਮਸਲੇ ਦਾ ਸਵਾਗਤ ਕੀਤਾ।