ਸੜਕ ਹਾਦਸੇ ਵਿਚ ਨੌਜਵਾਨ ਦੀ ਮੌਤ

ਹੁਸ਼ਿਆਰਪੁਰ, 15 ਮਾਰਚ- ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਜੱਟਪੁਰ ਵਿਖੇ ਅੱਜ ਸਵੇਰੇ ਦੋ ਗੱਡੀਆਂ ਦੀ ਆਪਸੀ ਟੱਕਰ ਵਿਚ ਇੱਕ ਮੋਟਰ ਸਾਈਕਲ ਸਵਾਰ 34 ਸਾਲਾ ਨੌਜਵਾਨ ਦੀ ਮੌਤ ਹੋ ਗਈ । ਜਾਣਕਾਰੀ ਅਨੁਸਾਰ ਇਕ 34 ਸਾਲਾ ਨੌਜਵਾਨ, ਜਿਸ ਦਾ ਨਾਮ ਸੁਖਵਿੰਦਰ ਸਿੰਘ ਦੱਸਿਆ ਜਾ ਰਿਹਾ ਜੋ ਕਿ ਆਪਣੇ ਪਿੰਡ ਜੱਟਪੁਰ ਤੋਂ ਚੱਬੇਵਾਲ ਅੱਡੇ ਚੋਂ ਕੋਈ ਸਮਾਨ ਲੈਣ ਲਈ ਘਰੋਂ ਨਿਕਲਿਆ ਪਰ ਚੰਡੀਗੜ੍ਹ ਸਾਈਡ ਤੋਂ ਆ ਰਹੀ ਇਕ ਗੱਡੀ ਨੇ ਹੁਸ਼ਿਆਰਪੁਰ ਤੋਂ ਆ ਰਹੀ ਕਾਰ ਨਾਲ ਜਾ ਟਕਰਾਈ, ਜਿਸ ਉਪਰੰਤ ਗੱਡੀ ਦੀ ਮੋਟਰਸਾਈਕਲ ਸਵਾਰ ਨਾਲ ਟੱਕਰ ਹੋ ਗਈ । ਮੋਟਰਸਾਈਕਲ ਸਵਾਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰੀਜਾ ਗੱਡੀ ਬਹੁਤ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਹਾਦਸਾ ਹੋਣ ਤੋਂ ਬਾਅਦ ਬਰੀਜਾ ਗੱਡੀ ਵਾਲਾ ਡਰਾਈਵਰ ਮੌਕੇ ’ਤੋਂ ਫਰਾਰ ਹੋ ਗਿਆ। ਗੁੱਸੇ ਵਿੱਚ ਆਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਹੁਸ਼ਿਆਰਪੁਰ ਤੋਂ ਚੰਡੀਗੜ੍ਹ ਹਾਈਵੇ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਪੁਲਿਸ ਨੇ ਸਾਰਾ ਮਾਮਲਾ ਸੁਲਝਾਇਆ। ਐਸ.ਐਚ. ਓ. ਚੱਬੇਵਾਲ ਜਗਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰੀਜਾ ਗੱਡੀ ਦਾ ਡਰਾਈਵਰ ਜੋ ਮੌਕੇ ਤੋਂ ਫਰਾਰ ਹੋ ਗਿਆ ਸੀ, ਉਸਨੂੰ ਗ੍ਰਿਫਤਾਰ ਕਰਕੇ ਲਾਸ਼ ਕਬਜੇ ਵਿਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਹੈ।