ਪ੍ਰਵਾਸੀ ਮਜ਼ਦੂਰ ਵਲੋਂ ਕੀਤੇ ਹਮਲੇ 'ਚ ਸ੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ 4 ਜ਼ਖ਼ਮੀਂ

ਅੰਮ੍ਰਿਤਸਰ, 14 ਮਾਰਚ (ਜਸਵੰਤ ਸਿੰਘ ਜੱਸ) - ਅੱਜ ਸ੍ਰੀ ਦਰਬਾਰ ਸਾਹਿਬ ਦੇ ਸ੍ਰੀ ਗੁਰੂ ਰਾਮਦਾਸ ਜੀ ਸਰਾਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਦੋ ਮੁਲਾਜ਼ਮਾਂ ਸਮੇਤ ਚਾਰ ਵਿਅਕਤੀਆਂ ਨੂੰ ਸਖ਼ਤ ਜ਼ਖ਼ਮੀਂ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਪ੍ਰਾਪਤ ਵੇਰਵਿਆਂ ਅਨੁਸਾਰ ਇਸ ਪ੍ਰਵਾਸੀ ਮਜ਼ਦੂਰ ਨੂੰ ਜਦੋਂ ਗੁਰੂ ਰਾਮਦਾਸ ਸਰਾਂ ਵਿਚ ਬੈਠੇ ਨੂੰ ਬਾਹਰ ਜਾਣ ਲਈ ਸੇਵਾਦਾਰਾਂ ਨੇ ਕਿਹਾ ਤਾਂ ਉਸ ਨੇ ਲੋਹੇ ਦੀ ਇਕ ਰਾਡ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਜਿਸ ਨਾਲ ਗਗਨਦੀਪ ਸਿੰਘ ਤੇ ਜਸਬੀਰ ਸਿੰਘ ਨਾਂਅ ਦੇ ਦੋ ਸੇਵਾਦਾਰ ਗੰਭੀਰ ਜ਼ਖ਼ਮੀ ਹੋ ਗਏ ਜਦਕਿ ਗੁਰਵਿੰਦਰ ਸਿੰਘ ਨਾਂਅ ਦੇ ਮੁਹਾਲੀ ਤੋਂ ਆਏ ਇਕ ਸ਼ਰਧਾਲੂ ਸਮੇਤ ਦੋ ਸ਼ਰਧਾਲੂ ਵੀ ਜ਼ਖ਼ਮੀ ਹੋ ਗਏ, ਜਿਨਾਂ ਨੂੰ ਇਲਾਜ ਲਈ ਗੁਰੂ ਰਾਮਦਾਸ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਾਣਕਾਰੀ ਅਨੁਸਾਰ ਪੁਲਿਸ ਵਲੋਂ ਉਕਤ ਪ੍ਰਵਾਸੀ ਮਜ਼ਦੂਰ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਅਗਲੀ ਪੁੱਛ ਗਿੱਛ ਕੀਤੀ ਜਾ ਰਹੀ ਹੈ।