ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਐਸ.ਜੀ.ਪੀ.ਸੀ. ਨੇ ਦਿੱਤੇ ਸਹਾਇਤਾ ਰਾਸ਼ੀ ਦੇ ਚੈੱਕ

ਗੁਰੂਹਰਸਹਾਏ (ਫਿਰੋਜ਼ਪੁਰ), 13 ਮਾਰਚ (ਹਰਚਰਨ ਸਿੰਘ ਸੰਧੂ)-ਫਰਵਰੀ ਮਹੀਨੇ 2025 ਦੌਰਾਨ ਗੁਰੂਹਰਸਹਾਏ ਇਲਾਕੇ ਦੇ ਵਿਅਕਤੀ ਜੋ ਕਿ ਇਕ ਸੜਕ ਹਾਦਸੇ ਵਿਚ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਉਨ੍ਹਾਂ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 20-20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਜੇ ਗਏ ਹਨ। ਧਰਮ ਅਰਥ ਫੰਡ ਵਿਚੋਂ ਪ੍ਰਵਾਨ ਹੋਈ, ਇਸ ਰਾਸ਼ੀ ਦੇ ਚੈੱਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਵਲੋਂ ਆਪਣੇ ਗ੍ਰਹਿ ਸਥਾਨ ਗੁਰੂਹਰਸਹਾਏ ਵਿਖੇ ਇਕੱਤਰ ਹੋਏ ਪਰਿਵਾਰਾਂ ਨੂੰ ਸੌਂਪੇ ਗਏ। ਦੱਸਣਯੋਗ ਹੈ ਕਿ ਫਰਵਰੀ ਮਹੀਨੇ ਵਿਚ ਉਕਤ ਵਿਅਕਤੀ ਜੋ ਵੇਟਰੀ ਦਾ ਕੰਮ ਕਰਦੇ ਸਨ ਅਤੇ ਉਹ ਇਕੱਠੇ ਹੋ ਕੇ ਮਹਿੰਦਰਾ ਪਿਕਅਪ ਗੱਡੀ ਉਤੇ ਜਲਾਲਾਬਾਦ ਵਿਖੇ ਇਕ ਵਿਆਹ ਸਮਾਗਮ ਵਿਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਹ ਰਸਤੇ ਵਿਚ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਮੌਕੇ ਉਤੇ 9 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ ਵਿਅਕਤੀਆਂ ਦੇ ਵਾਰਿਸਾਂ ਨੂੰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਭੇਜੇ ਗਏ 20-20 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ।