ਵਾਲਮੀਕ ਸਮਾਜ ਤੇ ਹੋਰ ਜਥੇਬੰਦੀਆਂ ਵਲੋਂ ‘ਆਪ’ ਆਗੂ ਮੰਜੂ ਰਾਣਾ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਕਪੂਰਥਲਾ ਬੰਦ
ਕਪੂਰਥਲਾ, 6 ਜਨਵਰੀ (ਅਮਨਜੋਤ ਸਿੰਘ ਵਾਲੀਆ)-ਵਾਲਮੀਕ ਸਮਾਜ ਤੇ ਹੋਰ ਜਥੇਬੰਦੀਆਂ ਵਲੋਂ ਆਮ ਆਦਮੀ ਪਾਰਟੀ ਦੀ ਸਾਬਕਾ ਹਲਕਾ ਇੰਚਾਰਜ ਮੰਜੂ ਰਾਣਾ ਵਿਰੁੱਧ ਕੇਸ ਦਰਜ ਕਰਨ ਦੀ ਮੰਗ ਨੂੰ ਲੈ ਕੇ ਅੱਜ 6 ਜਨਵਰੀ ਯਾਨੀ ਅੱਜ ਕਪੂਰਥਲਾ ਬੰਦ ਦਾ ਸੱਦੇ ਤਹਿਤ ਕਪੂਰਥਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਹਨ। ਬੰਦ ਨੂੰ ਸਫ਼ਲ ਬਣਾਉਣ ਬੀਤੇ ਦਿਨੀਂ ਵਾਲਮੀਕ ਸਮਾਜ ਨਾਲ ਸੰਬੰਧਿਤ ਜਥੇਬੰਦੀਆਂ ਦੀ ਇਕ ਮੀਟਿੰਗ ਸਥਾਨਕ ਸ਼ਕੰਡੀ ਮੰਦਿਰ ਵਿਚ ਹੋਈ ਸੀ।
ਰਾਸ਼ਟਰੀ ਵਾਲਮੀਕ ਸੰਘਰਸ਼ ਮੋਰਚੇ ਦੇ ਕੌਮੀ ਪ੍ਰਧਾਨ ਰੌਸ਼ਨ ਲਾਲ ਸਭਰਵਾਲ, ਕਮਲੇਸ਼ਵਰ ਐਜੂਕੇਸ਼ਨ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਹੰਸ, ਭਗਵਾਨ ਵਾਲਮੀਕ ਨੌਜਵਾਨ ਸਭਾ ਦੇ ਪ੍ਰਧਾਨ ਕੋਮਲ ਸਹੋਤਾ, ਵਾਲਮੀਕ ਸੰਘਰਸ਼ ਮੋਰਚੇ ਦੇ ਯੂਥ ਵਿੰਗ ਦੇ ਪ੍ਰਧਾਨ ਅਰਜਨ ਸਭਰਵਾਲ ਤੇ ਹੋਰ ਆਗੂਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਪੂਰਥਲਾ ਬੰਦ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਮੰਗ ਕਰਦੇ ਆ ਰਹੇ ਹਨ ਕਿ 'ਆਪ' ਦੀ ਆਗੂ ਮੰਜੂ ਰਾਣਾ ਵਲੋਂ ਐਸ.ਸੀ. ਸਮਾਜ ਦੇ ਇਕ ਆਗੂ ਲਈ ਕਥਿਤ ਤੌਰ 'ਤੇ ਜਾਤੀ ਸੂਚਕ ਸ਼ਬਦਾਂ ਦੀ ਵਰਤੋਂ ਕੀਤੀ ਗਈ, ਜਿਸ ਨੂੰ ਲੈ ਕੇ ਵਾਲਮੀਕ ਸਮਾਜ 'ਚ ਰੋਸ ਪਾਇਆ ਜਾ ਰਿਹਾ ਹੈ |
ਚਰਨਜੀਤ ਹੰਸ ਤੇ ਰੌਸ਼ਨ ਲਾਲ ਸਭਰਵਾਲ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਨੂੰ ਪੁਲਿਸ ਅਧਿਕਾਰੀਆਂ ਵਲੋਂ ਅਣਗੌਲਿਆ ਗਿਆ ਹੈ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਣ 'ਤੇ ਉਹ ਕਪੂਰਥਲਾ ਬੰਦ ਕਰਵਾਉਣ ਲਈ ਮਜ਼ਬੂਰ ਹੋਏ ਹਨ।
;
;
;
;
;
;
;