ਪੰਜਾਬ ਤੇ ਚੰਡੀਗੜ੍ਹ ’ਚ ਧੁੰਦ ਤੇ ਸੀਤ ਲਹਿਰ ਦਾ ਯੈਲੋ ਅਲਰਟ ਜਾਰੀ
ਚੰਡੀਗੜ੍ਹ, 6 ਜਨਵਰੀ- ਸੋਮਵਾਰ ਨੂੰ ਪੰਜਾਬ ਅਤੇ ਚੰਡੀਗੜ੍ਹ ਵਿਚ ਧੁੱਪ ਕਾਰਨ ਦਿਨ ਦੇ ਤਾਪਮਾਨ ਵਿਚ ਵਾਧਾ ਹੋਇਆ ਹੈ, ਹਾਲਾਂਕਿ ਰਾਤਾਂ ਠੰਢੀਆਂ ਰਹੀਆਂ। ਮੌਸਮ ਵਿਭਾਗ ਦੇ ਅਨੁਸਾਰ ਅੱਜ (ਮੰਗਲਵਾਰ) ਤੋਂ 9 ਜਨਵਰੀ ਤੱਕ ਰਾਜ ਦੇ ਕਈ ਹਿੱਸਿਆਂ ਵਿਚ ਸੰਘਣੀ ਧੁੰਦ ਅਤੇ ਸੀਤ ਲਹਿਰ ਦੀ ਸਥਿਤੀ ਰਹੇਗੀ ਤੇ ਇਸ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਸ ਸਮੇਂ ਤੋਂ ਬਾਅਦ ਮੌਸਮ ਪੂਰੀ ਤਰ੍ਹਾਂ ਸਾਫ਼ ਹੋਣ ਦੀ ਉਮੀਦ ਹੈ।
ਪਿਛਲੇ 24 ਘੰਟਿਆਂ ਵਿਚ ਵੱਧ ਤੋਂ ਵੱਧ ਤਾਪਮਾਨ ਔਸਤਨ 3.1 ਡਿਗਰੀ ਸੈਲਸੀਅਸ ਵਧਿਆ ਹੈ, ਜਿਸ ਨਾਲ ਇਹ ਆਮ ਦੇ ਨੇੜੇ ਆ ਗਿਆ ਹੈ। ਘੱਟੋ-ਘੱਟ ਤਾਪਮਾਨ 1.5 ਡਿਗਰੀ ਘੱਟ ਗਿਆ ਹੈ। ਬਠਿੰਡਾ ਅਤੇ ਫਰੀਦਕੋਟ 4.5 ਡਿਗਰੀ ਸੈਲਸੀਅਸ ਘੱਟੋ-ਘੱਟ ਤਾਪਮਾਨ ਦੇ ਨਾਲ ਰਾਜ ਦੇ ਸਭ ਤੋਂ ਠੰਢੇ ਜ਼ਿਲ੍ਹੇ ਸਨ। ਮੌਸਮ ਵਿਭਾਗ ਦੇ ਅਨੁਸਾਰ ਅੱਜ 18 ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਵਿਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਰੀਦਕੋਟ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮਲੇਰਕੋਟਲਾ ਸ਼ਾਮਿਲ ਹਨ।
ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਬਰਨਾਲਾ ਅਤੇ ਮਾਨਸਾ ਜ਼ਿਲ੍ਹਿਆਂ ਵਿਚ ਸੀਤ ਲਹਿਰ ਦੀ ਸੰਭਾਵਨਾ ਹੈ, ਪਰ ਮੌਸਮ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਮੇਂ ਦੌਰਾਨ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ।
;
;
;
;
;
;
;