ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਪੰਜ ਨਗਾਰਿਆਂ ਦੀ ਚੋਟ ਨਾਲ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ 6 ਰੋਜ਼ਾ ਕੌਮੀ ਜੋੜ ਮੇਲਾ ਹੋਲਾ ਮਹੱਲਾ ਸ਼ੁਰੂ


ਸ੍ਰੀ ਆਨੰਦਪੁਰ ਸਾਹਿਬ ,10 ਮਾਰਚ (ਜੇ ਐਸ ਨਿੱਕੂਵਾਲ, ਕਰਨੈਲ ਸਿੰਘ)-ਧਾਰਮਿਕ ਨਗਰੀ ਕੀਰਤਪੁਰ ਸਾਹਿਬ ਅਤੇ ਖਾਲਸਾ ਪੰਥ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਣ ਵਾਲਾ ਛੇ ਰੋਜਾ ਕੌਮੀ ਜੋੜ ਮੇਲਾ ਹੋਲਾ ਮਹੱਲਾ ਇਤਿਹਾਸਿਕ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਤੋਂ ਪੰਜ ਨਗਾਰਿਆਂ ਦੀ ਚੋਟ ਅਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਸ਼ੁਰੂ ਹੋ ਗਿਆ। ਇਹ ਜੋੜ ਮੇਲਾ 10 ਤੋਂ 12 ਮਾਰਚ ਤੱਕ ਕੀਰਤਪੁਰ ਸਾਹਿਬ ਅਤੇ 13 ਤੋਂ 15 ਮਾਰਚ ਤੱਕ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਇਆ ਜਾਵੇਗਾ। ਜੋ ਕਿ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਮੁਹੱਲਾ ਕੱਢਣ ਤੋਂ ਬਾਅਦ ਸਮਾਪਤ ਹੋ ਜਾਵੇਗਾ। ਇਸ ਸਮਾਗਮ ਵਿੱਚ ਹਿਮਾਚਲ ਪ੍ਰਦੇਸ਼ ਦੀ ਸੰਗਤ ਵੱਲੋਂ ਜੋਗੋਂ ਨਾਲਾਗੜ੍ਹ ਤੋਂ ਸ਼ੁਰੂ ਕੀਤਾ ਹੋਇਆ ਨਗਰ ਕੀਰਤਨ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਪਹੁੰਚਿਆ। ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਦਲਜੀਤ ਸਿੰਘ ਭਿੰਡਰ ਵੱਲੋਂ ਸਮੁੱਚੀ ਸੰਗਤ ਨੂੰ ਜਿੱਥੇ ਹੋਲੇ ਮਹੱਲੇ ਦੀ ਵਧਾਈ ਦਿੱਤੀ ਗਈ ਉੱਥੇ ਹੀ ਹੋਲੇ ਮਹੱਲੇ ਦੇ ਇਤਿਹਾਸ ਬਾਰੇ ਜਾਣਕਾਰੀ ਵੀ ਦਿੱਤੀ ਗਈ। ਇਸ ਸਮਾਗਮ ਵਿੱਚ ਉਪ ਮੰਡਲ ਮੈਜਿਸਟਰੇਟ ਕਮ ਮੇਲਾ ਅਫਸਰ ਜਸਪ੍ਰੀਤ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਜਦੋਂ ਕਿ ਸੰਤਾਂ ਮਹਾਂਪੁਰਸ਼ਾਂ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੂੰ ਦਸਤਾਰਾਂ ਵੀ ਭੇਂਟ ਕੀਤੀਆਂ ਗਈਆਂ ਅਤੇ ਮੇਲਾ ਅਫਸਰ ਜਸਪ੍ਰੀਤ ਸਿੰਘ ਦਾ ਵੀ ਸਨਮਾਨ ਕੀਤਾ ਗਿਆ। ਹੋਲਾ ਮਹੱਲਾ ਦੀ ਆਰੰਭਤਾ ਦੀ ਅਰਦਾਸ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜੋਗਿੰਦਰ ਸਿੰਘ ਵੱਲੋਂ ਕੀਤੀ ਗਈ। ਇਸ ਤੋਂ ਬਾਅਦ ਪੰਜ ਨਗਾਰੇ ਵਜਾ ਕੇ ਹੋਲਾ ਮਹੱਲਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਮੌਕੇ ਵਧੀਕ ਮੈਨੇਜਰ ਹਰਦੇਵ ਸਿੰਘ, ਬਾਬਾ ਜਰਨੈਲ ਸਿੰਘ ਕਾਰ ਸੇਵਾ ,ਬਾਬਾ ਸਤਨਾਮ ਸਿੰਘ ਕਿਲਾ ਅਨੰਦਗੜ੍ਹ ਸਾਹਿਬ, ਸੇਵਾ ਮੁਕਤ ਮੁੱਖ ਇੰਜੀਨੀਅਰ ਦਵਿੰਦਰ ਸਿੰਘ, ਤਰਲੋਚਨ ਸਿੰਘ ਰੁੜਕਾ, ਬੇਅੰਤ ਸਿੰਘ ਚਨੌਲੀ ਭਾਈ ਸਰਬਜੀਤ ਸਿੰਘ ਬਾਬਾ ਪ੍ਰੇਮ ਸਿੰਘ ਭੱਲੜੀ,ਹਰਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।