
ਕਪੂਰਥਲਾ, 3 ਮਾਰਚ (ਅਮਨਜੋਤ ਸਿੰਘ ਵਾਲੀਆ)-ਸਥਾਨਕ ਹਰਨਾਮ ਨਗਰ ਵਿਖੇ ਇਕ ਨੌਜਵਾਨ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਦਿੰਦਿਆਂ ਮ੍ਰਿਤਕ ਨੌਜਵਾਨ ਦੇ ਭਰਾ ਸਚਿਨ ਨੇ ਦੱਸਿਆ ਕਿ ਉਹ ਅੱਜ ਦੁਪਹਿਰ ਸਮੇਂ ਆਪਣੇ ਕਮਰੇ ਵਿਚ ਆਇਆ ਤਾਂ ਉਸ ਦਾ ਭਰਾ ਦਰਵਾਜ਼ਾ ਨਹੀਂ ਖੋਲ੍ਹ ਰਿਹਾ ਸੀ ਤੇ ਨਾ ਹੀ ਫੋਨ ਚੁੱਕ ਰਿਹਾ ਸੀ, ਜਦੋਂ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਤਾਂ ਉਸਦਾ ਭਰਾ ਰਵੀ ਪੁੱਤਰ ਬਬਲੂ ਵਾਸੀ ਹਰਨਾਮ ਨਗਰ ਪੱਖੇ ਨਾਲ ਲਟਕਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣੇ ਭਰਾ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲੈ ਕੇ ਗਿਆ, ਜਿਥੇ ਡਿਊਟੀ ਡਾਕਟਰ ਜਸ਼ਨ ਵਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਸਚਿਨ ਨੇ ਦੱਸਿਆ ਕਿ ਉਸਦਾ ਭਰਾ ਰਵੀ ਕਿਸੇ ਵਜ੍ਹਾ ਕਾਰਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿਟੀ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮੁਰਦਾਘਰ ਵਿਖੇ ਰਖਵਾ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।