02-03-2025
ਜਥੇਦਾਰ ਗੁਰਚਰਨ ਸਿੰਘ ਟੌਹੜਾ
ਇਤਿਹਾਸਕ ਮੁਲਾਕਾਤਾਂ ਅਤੇ ਦਸਤਾਵੇਜ਼
ਸੰਪਾਦਕ : ਹਰਵਿੰਦਰ ਸਿੰਘ ਖ਼ਾਲਸਾ (ਬਠਿੰਡਾ)
ਪ੍ਰਕਾਸ਼ਕ : ਰੀਥਿੰਕ ਬੁੱਕਸ (ਸੰਗਰੂਰ)
ਮੁੱਲ : 299 ਰੁਪਏ, ਸਫ਼ੇ : 130
ਸੰਪਰਕ : 98155-33725
ਸੂਝਵਾਨ ਸੰਪਾਦਕ ਨੇ ਇਸ ਪੁਸਤਕ ਨੂੰ ਦੋ ਮੁੱਖ ਭਾਗਾਂ (ਮੁਲਾਕਾਤਾਂ ਅਤੇ ਦਸਤਾਵੇਜ਼) ਵਿਚ ਵੰਡਿਆ ਹੈ। ਜਥੇਦਾਰ ਟੌਹੜਾ ਦਾ ਜਨਮ 24 ਸਤੰਬਰ, 1924 ਨੂੰ ਪਿੰਡ ਟੌਹੜਾ, ਜ਼ਿਲ੍ਹਾ ਪਟਿਆਲਾ ਵਿਖੇ ਹੋਇਆ ਅਤੇ ਦੇਹਾਂਤ 31 ਮਾਰਚ, 2004 ਨੂੰ ਐਸਕਾਰਟ ਹਸਪਤਾਲ ਨਵੀਂ ਦਿੱਲੀ ਵਿਖੇ ਹੋਇਆ। ਆਪ ਜੀ ਦੀ ਮਾਤਾ ਸਵ: ਬਸੰਤ ਕੌਰ ਸੀ ਅਤੇ ਪਿਤਾ ਜੀ ਸਵ: ਸ. ਦਲੀਪ ਸਿੰਘ ਸਨ। ਉਨ੍ਹਾਂ ਨੇ ਲਾਹੌਰ ਯੂਨੀਵਰਸਿਟੀ ਤੋਂ ਪੰਜਾਬੀ ਸਾਹਿਤ ਨਾਲ ਬੀ.ਏ. ਪਾਸ ਕੀਤੀ। ਉਨ੍ਹਾਂ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਪੁਸਤਕ ਵਿਚ ਮੁਲਾਕਾਤਾਂ ਦੇ ਸਿਰਲੇਖ ਹੇਠ 7 ਕਾਂਡਾਂ ਇਸ ਪ੍ਰਕਾਰ ਹਨ: ਸਾਕਾ ਨੀਲਾ ਤਾਰਾ ਬਾਰੇ ਹਰਬੀਰ ਸਿੰਘ ਭੰਵਰ ਦੁਆਰਾ ਟੌਹੜਾ ਸਾਹਿਬ ਨਾਲ ਜ਼ਬਾਨੀ ਮੁਲਾਕਾਤ, ਰਜਤ ਸ਼ਰਮਾ 'ਆਜ ਕੀ ਬਾਤ' (ਟੀ.ਵੀ.) ਪ੍ਰੋਗਰਾਮ ਵਿਚ ਬਾਦਲ ਸਾਹਿਬ ਨਾਲ ਸੰਬੰਧਾਂ ਬਾਰੇ ਵਿਸਤ੍ਰਿਤ ਗੱਲਬਾਤ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਕਰਮਜੀਤ ਸਿੰਘ ਨਾਲ ਖੁੱਲ੍ਹੀਆਂ ਗੱਲਾਂ, ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਨਾਲ ਨਾ-ਖ਼ੁਸ਼ ਹੋਣ ਦੇ ਬਾਵਜੂਦ ਅਕਾਲੀ ਸਰਕਾਰ ਨਾਲ ਸਹਿਯੋਗ ਰਹੇਗਾ (26.10.1997), ਸਿੱਖ ਰਾਜਨੀਤੀ ਦੇ ਬਾਬਾ ਬੋਹੜ ਸਿਰਲੇਖ ਹੇਠ 'ਅਕਸ' ਮੈਗਜ਼ੀਨ ਲਈ, ਦਰਬਾਰਾ ਸਿੰਘ ਕਾਹਲੋਂ ਵਲੋਂ ਮੁਲਾਕਾਤ, ਪ੍ਰ੍ਰਧਾਨ ਸਾਹਿਬ ਸਦਾ ਅਮਰ ਹਨ) ਸਿਰਲੇਖ ਹੇਠ ਸਰਦਾਰਨੀ ਜੋਗਿੰਦਰ ਕੌਰ ਟੌਹੜਾ ਨਾਲ ਹਰਬੀਰ ਸਿੰਘ ਭੰਵਰ/ਦਿਲਜੀਤ ਸਿੰਘ ਬੇਦੀ ਵਲੋਂ (24 ਫਰਵਰੀ) ਮੁਲਾਕਾਤ, 'ਸਭ ਨੂੰ ਆਪਣੀ ਗੱਲ ਕਹਿਣ ਦਿਓ' ਸਿਰਲੇਖ ਹੇਠ 'ਪੀਪਲਜ਼ ਕਮਿਸ਼ਨ' ਬਾਰੇ ਵਿਚਾਰ ਵਟਾਂਦਰਾ (ਪੰਜ ਦਰਿਆ ਲਈ ਸਤੰਬਰ, 1998) ਮੁਲਾਕਾਤ : ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈੱਸ' ਲਈ ਜਗਤਾਰ ਸਿੰਘ ਵਲੋਂ ਅੰਗਰੇਜ਼ੀ ਵਿਚ ਮੁਲਾਕਾਤ ਵਿਚ ਮੁੱਖ ਗੱਲ ਇਹ ਆਖੀ ਕਿ ਬੀ.ਜੇ.ਪੀ. ਦਾ ਵਿਵਹਾਰ ਵੀ ਕਾਂਗਰਸ ਵਰਗਾ ਹੀ ਹੈ। ਅਨੰਦਪੁਰ ਸਾਹਿਬ ਦੇ ਮਤੇ ਅਤੇ ਸਿੱਖ ਡਾਇਆਸ ਪੋਰਾ ਲਈ ਵੀ ਚਿੰਤਾ ਵਿਅਕਤ ਕੀਤੀ। ਪ੍ਰਕਾਸ਼ ਸਿੰਘ ਬਾਦਲ ਪ੍ਰਤੀ ਵੀ ਸੰਤੁਸ਼ਟਤਾ ਪ੍ਰਗਟ ਕੀਤੀ। ਇਹ ਮੁਲਾਕਾਤ 7 ਸਤੰਬਰ, 1998 ਨੂੰ ਹੋਈ ਸੀ।
ਦਸਤਾਵੇਜ਼ਾਂ ਵਾਲੇ ਭਾਗ ਦੇ ਵੀ 7 ਕਾਂਡ ਹਨ : ਮਿਤੀ 29 ਅਕਤੂਬਰ, 1978 ਨੂੰ 'ਫੈਡਰਲ ਢਾਂਚਾ : ਅਰਥ, ਲੋੜ ਤੇ ਰੂਪ ਰੇਖਾ ਬਾਰੇ ਟੌਹੜਾ ਸਾਹਿਬ ਦੀ ਸਪੀਚ, ਗੁਰਦੁਆਰਾ ਤਰਮੀਮੀ ਬਿੱਲ ਦੀ ਵਿਰੋਧਤਾ ਕਿਉਂ? ਬਾਰੇ ਦਲੀਲ ਭਰਪੂਰ ਵਿਚਾਰ ਰੱਖੇ ਕਿਉਂਕਿ ਬਿੱਲ ਸਿੱਖਾਂ ਦੀ ਪ੍ਰਤੀਨਿਧਤਾ ਨਹੀਂ ਕਰਦਾ ਸੀ। ਟੌਹੜਾ-ਤਲਵੰਡੀ ਵਲੋਂ ਪੇਸ਼ ਕੀਤੇ ਅਸਤੀਫ਼ੇ ਦੀ ਵਾਰਤਾ (27-9-1979), ਜਥੇਦਾਰ ਟੌਹੜਾ ਵਲੋਂ ਪੇਸ਼ ਕੀਤੇ ਗਏ ਅਸਤੀਫ਼ੇ ਦੀ ਵਾਰਤਾ : ਇਹ ਪਿੰਡ ਟੌਹੜਾ ਤੋਂ ਸਿੱਖ ਸੰਗਤ ਨੂੰ ਸੰਬੋਧਨ ਲਿਖਿਆ ਗਿਆ ਇਕ ਪੱਤਰ ਹੈ, ਜਿਸ ਵਿਚ ਐਸ.ਜੀ.ਪੀ. ਸੀ. ਦੀਆਂ ਅਹਿਮ ਪ੍ਰਾਪਤੀਆਂ ਵਰਣਨ ਕੀਤੀਆਂ ਗਈਆਂ ਹਨ। ਸਿੱਖ ਵਿਦਵਾਨ ਨੇ ਆਪਣੇ ਹਰ ਪੱਖ ਨੂੰ ਗੁਰਬਾਣੀ ਦੇ ਮਹਾਂ-ਵਾਕਾਂ ਰਾਹੀਂ ਸਿੱਧ ਕੀਤਾ ਹੈ। 30 ਮਈ, 1999 ਨੂੰ ਗੁਰਦੁਆਰਾ ਆਲਮਗੀਰ ਸਾਹਿਬ ਵਿਖੇ ਹੋਈ ਪੰਥਕ ਕਨਵੈਨਸ਼ਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਲਾਇਆ ਗਿਆ ਦੋਸ਼ ਪੱਤਰ ਜਿਸ ਵਿਚ 9 ਮੁੱਖ ਦੋਸ਼ਾਂ ਦਾ ਵਿਸਤ੍ਰਿਤ ਜ਼ਿਕਰ ਹੈ। ਮਹਾਰਾਜਾ ਦਲੀਪ ਸਿੰਘ ਦੀ 100 ਸਾਲਾ ਬਰਸੀ ਸਮੇਂ ਕੇਂਦਰੀ ਜੇਲ੍ਹ ਬਠਿੰਡਾ ਤੋਂ ਭੇਜਿਆ ਗਿਆ ਸੁਨੇਹਾ (22.10.1993) ਸ਼ਾਮਿਲ ਹੈ। ਪ੍ਰਿੰ. ਜਗਦੀਸ਼ ਸਿੰਘ ਅੰਮ੍ਰਿਤਸਰ ਵਲੋਂ ਟੌਹੜਾ ਸਾਹਿਬ ਨੂੰ ਭਾਵੁਕ ਕਾਵਿਕ ਸ਼ਰਧਾਂਜਲੀ ਪੇਸ਼ ਕੀਤੀ ਗਈ (ਪੰ. 129-90). ਅੰਤਿਕਾ ਵਿਚ ਜਥੇਦਾਰ ਸਾਹਿਬ ਦਾ ਜੀਵਨ ਬਿਊਰਾ ਦਿੱਤਾ ਗਿਆ ਹੈ। ਲਗਭਗ 30 ਪੰਨਿਆਂ ਵਿਚ ਜੀਵਨ-ਘਟਨਾਵਾਂ ਨੂੰ ਪ੍ਰਮਾਣੀਕ੍ਰਿਤ ਕਰਦੀਆਂ ਤਸਵੀਰਾਂ ਹਨ।
ਸੰਪਾਦਕ ਨੇ ਜਥੇਦਾਰ ਸਾਹਿਬ ਬਾਰੇ ਭਾਵਪੂਰਤ ਸ਼ਬਦਾਂ ਵਿਚ ਇੰਝ ਕਿਹਾ ਹੈ : 'ਜਥੇਦਾਰ ਗੁਰਚਰਨ ਸਿੰਘ ਟੌਹੜਾ ਇਕ ਅਜਿਹੀ ਸ਼ਖ਼ਸੀਅਤ ਸਨ ਜਿਨ੍ਹਾਂ ਨੂੰ ਪੰਥ-ਦਰਦੀ, ਸਿੱਖ ਸਿਆਸਤ ਦਾ ਚਾਣਕਿਆ, ਸਿੱਖ ਦਾ ਪੋਪ, ਬਾਬਾ ਬੋਹੜ, ਪੰਥ ਰਤਨ, ਗ਼ਰੀਬਾਂ ਦਾ ਮਸੀਹਾ, ਸਿੱਖ ਕੌਮ ਦਾ ਹੀਰਾ, ਸਿੱਖ ਪੰਥ ਦਾ ਰੌਸ਼ਨ ਦਿਮਾਗ਼, ਪੰਥ-ਪ੍ਰਸਤ, ਸਿੱਖੀ ਸਿਦਕ ਦਾ ਮੁਜੱਸਮਾ ਆਦਿ ਵਿਸ਼ਲੇਸ਼ਣ ਲਗਾ ਕੇ ਲਿਖਿਆ ਗਿਆ ਅਤੇ ਯਾਦ ਕੀਤਾ ਜਾਂਦਾ ਹੈ।' ਪੰਨਾ 14.
-ਡਾ. ਧਰਮ ਚੰਦ ਵਾਤਿਸ਼
ਈ-ਮੇਲ : vat}sh.dharamchand0{ma}&.com
ਮੇਰੀ ਫ਼ਿਲਮੀ ਆਤਮ-ਕਥਾ
ਲੇਖਕ : ਬਲਰਾਜ ਸਾਹਨੀ
ਪ੍ਰਕਾਸ਼ਕ : ਨਾਨਕ ਸਿੰਘ ਪੁਸਤਕਮਾਲਾ ਅੰਮ੍ਰਿਤਸਰ
ਮੁੱਲ : 250 ਰੁਪਏ, ਸਫ਼ੇ : 192
ਸੰਪਰਕ : 98889-24664
ਬਲਰਾਜ ਸਾਹਨੀ (1913-1973) ਅਜਿਹਾ ਲੇਖਕ ਹੈ, ਜਿਸ ਨੂੰ ਪੰਜਾਬੀ ਵਿਚ ਲਿਖਣ ਦੀ ਪ੍ਰੇਰਨਾ ਬੰਗਾਲੀ ਲੇਖਕ ਗੁਰੂਦੇਵ ਰਬਿੰਦਰਨਾਥ ਟੈਗੋਰ ਤੋਂ ਮਿਲੀ। ਪਹਿਲਾਂ ਉਹ ਹਿੰਦੀ/ਅੰਗਰੇਜ਼ੀ ਵਿਚ ਲਿਖਦਾ ਸੀ। ਪੰਜਾਬੀ ਵਿਚ ਉਸ ਦੀਆਂ 14 ਕਿਤਾਬਾਂ ਮਿਲਦੀਆਂ ਹਨ, ਜਿਨ੍ਹਾਂ 'ਚੋਂ ਬਹੁਤੀਆਂ ਉਸ ਦੀ ਮੌਤ ਤੋਂ ਬਾਅਦ ਡਾ. ਪਿਆਰ ਸਿੰਘ ਨੇ ਗ.ਨ.ਦ. ਯੂਨੀਵਰਸਿਟੀ ਰਾਹੀਂ ਪ੍ਰਕਾਸ਼ਿਤ ਕਰਵਾਈਆਂ। ਬਲਰਾਜ ਨੇ ਅੰਗਰੇਜ਼ੀ ਵਿਚ ਐਮ.ਏ. ਕੀਤੀ, ਹਿੰਦੀ ਫ਼ਿਲਮਾਂ 'ਚ ਅਭਿਨੈ ਕੀਤਾ ਤੇ ਲੇਖਨ ਲਈ ਪੰਜਾਬੀ ਭਾਸ਼ਾ ਨੂੰ ਚੁਣਿਆ। ਫ਼ਿਲਮਾਂ ਵਿਚ ਆਉਣ ਤੋਂ ਪਹਿਲਾਂ ਉਸ ਨੇ ਇਪਟਾ ਨਾਲ ਜੁੜ ਕੇ ਨਾਟਕਾਂ ਵਿਚ ਅਦਾਕਾਰੀ ਕੀਤੀ। ਉਸ ਦੀ ਸਭ ਤੋਂ ਪਹਿਲੀ ਫ਼ਿਲਮ 'ਧਰਤੀ ਕੇ ਲਾਲ' ਸੀ, ਪਰ ਉਸ ਦੀ ਪਛਾਣ 'ਦੋ ਬੀਘਾ ਜ਼ਮੀਨ' (1953) ਨਾਲ ਬਣੀ। ਦੋ ਪੰਜਾਬੀ ਫ਼ਿਲਮਾਂ 'ਨਾਨਕ ਦੁਖੀਆ ਸਭ ਸੰਸਾਰ' ਅਤੇ 'ਸਤਲੁਜ ਦੇ ਕੰਢੇ' ਵਿਚ ਵੀ ਉਸ ਨੇ ਅਭਿਨੈ ਕੀਤਾ। ਉਸ ਨੇ ਆਪਣੇ ਜੀਵਨ-ਕਾਲ ਵਿਚ ਕਰੀਬ 85 ਫ਼ਿਲਮਾਂ ਵਿਚ ਕੰਮ ਕੀਤਾ। ਬਲਰਾਜ ਇਕੋ ਸਮੇਂ ਲੇਖਕ ਤੇ ਅਭਿਨੈ ਨਾਲ ਜੁੜੀ ਸ਼ਖ਼ਸੀਅਤ ਹੈ, ਜਿਸ ਨੇ ਫ਼ਿਲਮਾਂ ਵਿਚ ਬਤੌਰ ਅਭਿਨੇਤਾ ਚੰਗੀ ਸ਼ੁਹਰਤ ਖੱਟੀ। ਵਿਚਾਰ ਅਧੀਨ ਕਿਤਾਬ ਵਿਚ ਉਸ ਦੀ ਫ਼ਿਲਮੀ ਜ਼ਿੰਦਗੀ ਨਾਲ ਜੁੜੀਆਂ ਯਾਦਾਂ ਸ਼ਾਮਿਲ ਹਨ। ਇਸ ਪੁਸਤਕ ਦੇ ਦੋ ਭਾਗ ਬਣਾਏ ਹਨ - ਭਾਗ ਪਹਿਲਾ ਵਿਚ 11 ਅਧਿਆਏ ਹਨ (ਪੰਨੇ 5-122) ਅਤੇ ਭਾਗ ਦੂਜਾ ਦੇ 8 (ਪੰਨੇ 123-192)। ਪੁਸਤਕ 'ਚੋਂ ਫ਼ਿਲਮਾਂ ਨਾਲ ਜੁੜੇ ਬਹੁਤ ਸਾਰੇ ਕਿੱਸਿਆਂ, ਅਦਾਕਾਰਾਂ, ਪਾਤਰਾਂ, ਸ਼ਖ਼ਸੀਅਤਾਂ ਦੇ ਮੰਜ਼ਰ ਦ੍ਰਿਸ਼ਟੀਗੋਚਰ ਹੁੰਦੇ ਹਨ। ਲੇਖਕ ਦੀ ਪੇਸ਼ਕਾਰੀ ਕਮਾਲ ਦੀ ਹੈ। ਕੋਈ ਵੀ ਅੰਸ਼ ਪੜ੍ਹਦੇ ਸਮੇਂ ਪਾਠਕ ਉਸ ਵਿਚ ਵਹਿ ਤੁਰਦਾ ਹੈ। ਪੁਸਤਕ ਦੀਆਂ ਸਾਰੀਆਂ ਯਾਦਾਂ ਭਾਵੇਂ ਬਲਰਾਜ ਨਾਲ ਸੰਬੰਧਿਤ ਹਨ ਪਰ ਪਾਠਕ ਨੂੰ ਪੜ੍ਹਨਯੋਗ ਮਸਾਲਾ ਤੇ ਮਨੋਰੰਜਨ ਦੀ ਪੂਰਤੀ ਨਾਲੋ-ਨਾਲ ਹੁੰਦੀ ਹੈ। ਇਸ ਵਿਚ ਲੇਖਕ ਨੇ ਆਪਣੀ ਜੀਵਨ-ਜਾਚ ਵੀ ਉਲੀਕੀ ਹੈ-'ਕਿਸੇ ਤੋਂ ਕੀ ਲੁਕਾਉਣਾ, ਮੈਨੂੰ ਵਾਲ ਕਾਲੇ ਕਰਦਿਆਂ ਵੀਹ ਸਾਲ ਤੋਂ ਉੱਪਰ ਹੋ ਚੁੱਕੇ ਹਨ। ਕੁਝ ਵਾਲ ਪਿਛਲੀ ਜੰਗ ਵਿਚ ਬੰਬਾਂ ਦੇ ਧਮਾਕਿਆਂ ਨੇ ਅਤੇ ਕੁਝ ਮੇਰੀ ਅੱਲ੍ਹੜ ਅਤੇ ਅੱਥਰੀ ਜਵਾਨੀ ਦੇ ਸਿਰ ਚੁਕਦਿਆਂ ਹੀ ਧੌਣ ਉੱਪਰ ਵੱਜੇ ਧੱਕਿਆਂ ਤੇ ਹੂਰਿਆਂ ਨੇ ਸਫ਼ੈਦ ਕਰ ਸੁੱਟੇ ਸਨ। ਇਕ ਤਰ੍ਹਾਂ ਨਾਲ ਮੇਰਾ ਫ਼ਿਲਮਾਂ ਵਿਚ ਆਉਣਾ ਬੁਢਾਪੇ ਵਿਚੋਂ ਜਵਾਨੀ ਵੱਲ ਕਦਮ ਪੁੱਟਣ ਬਰਾਬਰ ਸੀ' (9)। ਇਨ੍ਹਾਂ ਪ੍ਰਸੰਗਾਂ ਵਿਚ ਲੇਖਕ ਨੇ ਪਿਤਾ, ਬੇਟੀ ਸ਼ਬਨਮ, ਬੇਟਾ ਪ੍ਰੀਕਸ਼ਿਤ, ਪਤਨੀ ਦਮੋ (ਦਮਿਅੰਤੀ) ਦੂਜੀ ਪਤਨੀ ਤੋਸ਼ (ਸੰਤੋਸ਼), ਭਰਾ ਭੀਸ਼ਮ, ਰਾਵਲਪਿੰਡੀ ਸ਼ਹਿਰ, ਜੀਡੀ ਸੋਂਧੀ, ਆਈਸੀ ਨੰਦਾ, ਇਮਤਿਆਜ਼ ਅਲੀ ਤਾਜ, ਵਰਲੀ ਜੇਲ੍ਹ ਯਾਤਰਾ ਆਦਿ ਸੰਬੰਧੀਆਂ, ਮਿੱਤਰਾਂ, ਥਾਵਾਂ, ਪ੍ਰੋਡਿਊਸਰਾਂ, ਐਕਟਰਾਂ ਨੂੰ ਉਚੇਚੇ ਤੌਰ ਤੇ ਉਲੀਕਿਆ ਹੈ। ਇਸ ਪੁਸਤਕ ਰਾਹੀਂ ਫਿਲਮੀ ਜੀਵਨ ਦੀ ਅੰਦਰੂਨੀ ਤੇ ਬਾਹਰੀ ਝਲਕ ਨੂੰ ਜਾਨਣ, ਵੇਖਣ ਤੇ ਸਮਝਣ ਦੀ ਤੌਫ਼ੀਕ ਮੁਹੱਈਆ ਹੁੰਦੀ ਹੈ।
-ਪ੍ਰੋ. ਨਵ ਸੰਗੀਤ ਸਿੰਘ
ਮੋਬਾਈਲ : 94176-920a{e
ਕਾਗਦੁ
ਲੇਖਕ : ਪਰਮਜੀਤ ਸੋਹਲ
ਪ੍ਰਕਾਸ਼ਕ : ਗੋਰਕੀ ਪ੍ਰਕਾਸ਼ਨ, ਲੁਧਿਆਣਾ
ਮੁੱਲ : 150 ਰੁਪਏ, ਸਫ਼ੇ : 136
ਸੰਪਰਕ : 94176-42785
ਸ਼ਾਇਰ ਪਰਮਜੀਤ ਸੋਹਲ ਕਿਸੇ ਰਸਮੀ ਜਾਣ-ਪਛਾਣ ਦਾ ਮੁਥਾਜ਼ ਨਹੀਂ ਹੈ ਤੇ ਉਹ ਸਾਹਿਤਕ ਸੱਥਾਂ ਦਾ ਮਾਣਮੱਤਾ ਹਸਾਤਖ਼ਰ ਹੈ। ਹਥਲੀ ਕਾਵਿ-ਕਿਤਾਬ 'ਕਾਗਦੁ' ਤੋਂ ਪਹਿਲਾਂ ਵੀ ਪੰਜ ਕਾਵਿ-ਸੰਗ੍ਰਹਿਾਂ 'ਓਨਮ', 'ਕਾਇਆ', 'ਪੌਣਾਂ ਸਤਲੁਜ ਦੀਆਂ', 'ਨੀਸਾਣੁ' ਅਤੇ 'ਝੋਕਾਂ' ਨਾਲ ਪੰਜਾਬੀ ਸ਼ਾਇਰੀ ਦੇ ਦਰ ਦਰਵਾਜ਼ੇ 'ਤੇ ਦਸਤਕ ਦੇ ਚੁੱਕਿਆ ਹੈ। ਸ਼ਾਇਰ ਦੇ ਕਾਵਿ-ਪ੍ਰਵਚਨ ਦੀ ਤੰਦ ਸੂਤਰ ਉਸ ਸਮੇਂ ਸਹਿਜੇ ਹੀ ਸਾਡੇ ਹੱਥ ਆ ਜਾਂਦੀ ਹੈ ਜਦੋਂ ਉਹ ਆਪਣੀ ਸਵੈ-ਪ੍ਰਕਾਸ਼ਿਤ ਪੁਸਤਕ ਕੁਦਰਤ ਦੇ ਅਨੇਕ ਰੰਗਾਂ ਦੇ ਨਾਂਅ ਸਮਰਪਣ ਕਰਦਾ ਹੈ। ਸ਼ਾਇਰ ਅੰਬਰ ਦੇ ਚੰਦੋਏ ਹੇਠ ਕਾਗਦੁ, ਕਲਮ ਤੇ ਬਿਰਖ ਦੀ ਤ੍ਰਿਵੈਣੀ ਹੇਠ ਕਾਗਦੁ ਰਾਹੀਂ ਹਰਫ਼ਾਂ ਵਿਚ ਠਾਹਰ ਭਾਲਦਾ ਹੋਇਆ ਭੋਜ ਪੱਤਰਾਂ ਤੋਂ ਸਫ਼ਰ ਕਰਦਾ ਹੋਇਆ ਅੱਜ ਦੇ ਮਸ਼ੀਨੀ ਯੁੱਗ ਵਿਚ 117 ਨਿੱਕੀਆਂ ਵੱਡੀਆਂ ਕਵਿਤਾਵਾਂ ਨੂੰ 136 ਪੰਨਿਆਂ 'ਤੇ ਕਵਿਤਾਉਂਦਾ ਹੈ। ਕਿਤਾਬ ਦਾ ਟਾਈਟਲ ਬਹੁਤ ਹੀ ਖ਼ੂਬਸੂਰਤ ਹੈ, ਜਿਸ ਨੂੰ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਕਵੀ ਚਿੱਤਰਕਾਰ ਜਨਾਬ ਸਵਰਨਜੀਤ ਸਵੀ ਨੇ ਡਿਜ਼ਾਇਨ ਕੀਤਾ ਹੈ ਜੋ ਸ਼ਾਇਰ ਦੀ ਸ਼ਾਇਰੀ ਦੇ ਅੰਗ-ਸੰਗ ਹੋਣ ਲਈ ਰਾਹ ਦਸੇਰਾ ਬਣਦਾ ਹੈ। ਸ਼ਾਇਰ ਬਹੁਤ ਹੀ ਪ੍ਰਬੁੱਧ ਸ਼ਾਇਰ ਹੈ ਜੋ ਅਕਸਰ ਹੀ ਫਿਲੋਸੀਫ਼ਲ ਸ਼ਬਦਾਂ ਨਾਲ ਕਵਿਤਾ ਬਾਰੇ ਗੱਲਾਂ ਕਰਦਾ ਹੋਇਆ ਆਪ ਕਵਿਤਾ ਹੀ ਬਣ ਜਾਂਦਾ ਹੈ। ਸ਼ਾਇਰ ਅਨੁਸਾਰ ਅਰਬਦ ਨਰਬਦ ਧੁੰਦੂਕਾਰਾ ਸਮੇਂ ਬਿੱਗ ਬੈਂਗ ਅਰਥਾਤ ਵੱਡਾ ਧਮਾਕਾ ਅਤੇ ਇਸਲਾਮੀ ਵਿਸ਼ਵਾਸ ਅਨੁਸਾਰ 'ਕੁੰਨ' ਕਹਿਣ 'ਤੇ ਕੁਦਰਤ ਦਾ ਪਸਾਰਾ ਹੋਇਆ ਜਿਥੋਂ ਅੱਜ ਦਾ ਮਾਨਵ ਪਹਾੜੀ ਕੁੰਦਰਾਂ ਵਿਚ ਨਿਕਲ ਕੇ ਮਾਈ ਹਵਾ ਅਤੇ ਬਾਬਾ ਆਦਮ ਦੇ ਪਰਿਵਾਰ ਦਾ ਵਾਧਾ ਹੋਇਆ ਤੇ ਸਮਕਾਲੀ ਸੱਭਿਆਚਾਰ ਤੱਕ ਵਿਸਥਾਰਿਤ ਹੋਇਆ। ਸ਼ਾਇਰ ਆਪਣੀ ਨਜ਼ਮ ਪਾਵਨ ਕਾਗਦੁ ਵਿਚ ਹਰਿ ਕਾ ਨਾਂਅ ਨੂੰ ਹੀ ਕਾਗਦੁ ਕਿਹਾ ਹੈ, ਜਿਸ ਉੱਪਰ ਖੰਡਾਂ ਬ੍ਰਹਿਮੰਡਾਂ ਦਾ ਢਾਈ ਅੱਖਰ ਸ਼ਬਦ ਪ੍ਰੇਮ ਲਿਖ ਕੇ 'ਸੁਣਤੇ ਪੁਨੀਤ ਕਹਿਤੇ ਪਵਿਤ' ਦਾ ਅਨਹਦ ਨਾਦ ਸੁਣਾਇਆ ਹੈ। ਉਸ ਅਨੁਸਾਰ ਇਹ ਕਾਗਦੁ ਦੀ ਹੀ ਬਰਕਤ ਹੈ, ਜਿਸ ਕਰਕੇ ਵੇਦ, ਉਪਨਿਸ਼ਦ, ਗੀਤਾ, ਗੁਰਬਾਣੀ, ਰਿਸ਼ੀਵਰਾਂ ਅਤੇ ਦਾਨਿਸ਼ਵਰਾਂ ਦੇ ਕੌਲ ਕਾਗਦੁ ਨੇ ਸੰਭਾਲ ਲਏ। ਉਸ ਅਨੁਸਾਰ ਕਾਗਦੁ ਹੀ ਹੈ ਜਿਸ ਦੀ ਬਦੌਲਤ ਗਿਆਨ ਚਹੁੰ ਕੂੰਟੀਂ ਪਸਰਿਆ ਹੈ। ਉਹ ਕਾਗਦੁ ਨੂੰ ਦਰਵੇਸ਼ ਦਾ ਲਕਬ ਦਿੰਦਾ ਹੋਇਆ 'ਦਰਵੇਸ਼ਾਂ ਨੂੰ ਲੋੜੀਏ ਰੁੱਖਾਂ ਦੀ ਜੀਗੰਦ' ਦੇ ਗਾਡੀਰਾਹ ਦੀ ਪ੍ਰਕਰਮਾ ਕਰਾਉਂਦਾ ਹੈ। ਬਿਰਖ ਕਾਗਦੁ ਦੀ ਜਣਨੀ ਹੈ ਜੋ ਆਪ ਤਾਂ ਕਾਰਬਨ ਡਾਈਆਕਸਾਈਡ ਨੂੰ ਪੱਤਿਆਂ ਰਾਹੀਂ ਕਿਵੇਂ ਜਜ਼ਬ ਕਰਦਾ ਤੇ ਪ੍ਰਾਣੀਆਂ ਨੂੰ ਆਕਸੀਜਨ ਪ੍ਰਦਾਨ ਕਰਦਾ ਹੈ। ਸ਼ਾਇਰ ਮਮਤਾ ਦੀ ਮੂਰਤ ਮਾਂ ਦੀ ਕੀਰਤੀ ਕਰਦਾ ਹੋਇਆ ਪਿਘਲ ਪਿਘਲ ਜਾਂਦਾ ਹੈ ਤੇ ਮਸਨੂਈ ਬੁੱਧੀ 'ਤੇ ਸੰਦੇਹ ਵੀ ਪ੍ਰਗਟ ਕਰਦਾ ਹੈ। ਇਹ ਸ਼ਾਇਰੀ ਸਟੇਜੀ ਰੁਮਾਂਟਿਕਤਾ ਤੋਂ ਵਿਥ ਸਿਰਜਦੀ ਹੈ ਤੇ ਇਹ ਪੜ੍ਹਨ ਵਾਲੀ ਤਾਂ ਹੈ ਹੀ ਗੁੜ੍ਹਨ ਵਾਲੀ ਵੀ ਹੈ। ਜੇ ਅਜਿਹੀ ਆਧੁਨਿਕ ਭਾਵ-ਬੋਧ ਦੀ ਕਵਿਤਾ ਦੇ ਕਾਵਿ-ਧਰਮ ਨੂੰ ਸਿਜਦਾ ਨਾ ਕਰੀਏ ਤਾਂ ਸੱਚੀ ਮੁੱਚੀਂ ਅਸੀਂ ਅਪਰਾਧ ਬੋਧ ਦੇ ਭਾਰ ਹੇਠਾਂ ਦੱਬੇ ਰਹਾਂਗੇ।
-ਭਗਵਾਨ ਢਿੱਲੋਂ
ਮੋਬਾਈਲ : 098143-{}bed
ਕੰਡਿਆਲੇ ਰਾਹਾਂ ਦੇ ਪਾਂਧੀ
ਲੇਖਕ : ਡਾ. ਯਾਦਵਿੰਦਰ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 275 ਰੁਪਏ, ਸਫ਼ੇ : 176
ਸੰਪਰਕ : 75298-78500
'ਕੰਡਿਆਲੇ ਰਾਹਾਂ ਦੇ ਪਾਂਧੀ' ਡਾ. ਯਾਦਵਿੰਦਰ ਸਿੰਘ ਦਾ ਪਲੇਠਾ ਨਾਵਲ ਹੈ। ਜੋ ਅੱਜਕਲ੍ਹ ਦੇ ਭਖਦੇ ਸਮਾਜਿਕ, ਰਾਜਨੀਤਕ ਅਤੇ ਆਰਥਿਕ ਮਸਲੇ 'ਗੈਂਗਸਟਰ ਵਾਰ' ਨਾਲ ਸੰਬੰਧਿਤ ਹੈ। ਇਸ ਨਾਵਲ ਦਾ ਬਿਰਤਾਂਤ ਲੁਧਿਆਣੇ ਤੇ ਉਸ ਦੇ ਆਲੇ-ਦੁਆਲੇ ਦੇ ਖੇਤਰ ਵਿਚ ਫੈਲਿਆ ਹੋਇਆ ਹੈ। ਇਥੋਂ ਦੇ ਲੀਡਰ ਬਖ਼ਤਾਵਰ ਸਿੰਘ ਤੇ ਬਲਰਾਜ ਸਿੰਘ ਹਨ, ਜੋ ਆਪਣੇ ਰਾਜਨੀਤਕ ਹਿੱਤਾਂ ਲਈ ਵੀਰੂ ਅਤੇ ਬਸ਼ੀਰ ਜਿਹੇ ਤਾਂਘੀ ਨੌਜਵਾਨਾਂ ਨੂੰ ਆਪਣੇ ਹਿੱਤਾਂ ਲਈ ਵਰਤਦੇ ਦਿਖਾਈ ਦਿੰਦੇ ਹਨ। ਕਤਲ ਕਰਨਾ ਉਨ੍ਹਾਂ ਲਈ ਗਾਜਰ-ਮੂਲੀ ਵੱਢਣ ਬਰਾਬਰ ਹੀ ਹੈ। ਇਸੇ ਲਈ ਇਹ ਨਾਵਲ ਕਤਲਾਂ, ਲੁੱਟਾਂ-ਖੋਹਾਂ ਅਤੇ ਮਾਰ-ਧਾੜ ਨਾਲ ਭਰਿਆ ਪਿਆ ਹੈ। ਕਹਾਣੀ ਭਾਵੇਂ ਦੋ ਸਕੇ ਭਰਾਵਾਂ ਧਰਮਪਾਲ ਅਤੇ ਰਾਮਪਾਲ ਤੋਂ ਸ਼ੁਰੂ ਹੁੰਦੀ ਹੈ, ਜਿਸ ਵਿਚ ਰਾਮਪਾਲ ਧੋਖੇ ਅਤੇ ਮੱਕਾਰੀ ਨਾਲ ਆਪਣੇ ਵੱਡੇ ਭਰਾ ਦਾ ਹਿੱਸਾ ਹੜੱਪ ਜਾਂਦਾ ਹੈ। ਧਰਮਪਾਲ ਤੇ ਉਸ ਦੀ ਪਤਨੀ ਜਗਮੇਲ ਕੌਰ ਸਿੱਧੇ-ਸਾਦੇ ਅਤੇ ਰੱਬ ਦੀਆਂ ਦਿੱਤੀਆਂ ਖਾਣ ਵਾਲੇ ਹਨ। ਉਹ ਪਿੰਡੋਂ ਔਖਾ ਹੋ ਕੇ ਆਪਣੇ ਸਾਲੇ ਕਰਤਾਰ ਸਿੰਘ ਕੋਲ ਲੁਧਿਆਣੇ ਚਲਾ ਜਾਂਦਾ ਹੈ ਜੋ ਉਸ ਨੂੰ ਉਥੇ ਸਥਾਪਤ ਕਰਨ ਵਿਚ ਪੂਰੀ ਮਦਦ ਕਰਦਾ ਹੈ।
ਉਨ੍ਹਾਂ ਨੂੰ ਬਲਰਾਜ ਸਿੰਘ ਜਿਹੇ ਨੇਤਾ ਦੀ ਸ਼ੈਲਟਰ ਮਿਲ ਗਈ ਤੇ ਉਸ ਨੇ ਆਪਣਾ ਇਕ ਗੈਂਗ ਬਣਾ ਲਿਆ। ਦੂਜੇ ਪਾਸੇ ਰਾਜਵੀਰ ਗਰੇਵਾਲ, ਗੁੱਗੂ, ਬਸ਼ੀਰ, ਜਿੰਦਰ ਆਦਿ ਦਾ ਗੈਂਗ ਸੀ ਤੇ ਇਹ ਦੋਵੇਂ ਗੈਂਗ ਆਪੋ-ਆਪਣੀ ਸੱਤਾ ਬਣਾਈ ਰੱਖਣ ਲਈ ਖ਼ੂਨ ਖਰਾਬਾ ਤੇ ਕਤਲ ਕਰਦੇ ਰਹਿੰਦੇ ਹਨ। ਪੱਤਰਕਾਰ ਮਨੋਜ ਵੀ ਇਨ੍ਹਾਂ ਦੀਆਂ ਖ਼ਬਰਾਂ ਲਾਉਣ ਵਿਚ ਮਦਦ ਕਰਦਾ ਹੈ। ਪੁਲਿਸ ਕਦੇ ਇਕ ਨੇਤਾ ਤੇ ਕਦੇ ਦੂਸਰੇ ਨੇਤਾ ਦੇ ਇਸ਼ਾਰੇ 'ਤੇ ਇਨ੍ਹਾਂ ਗੈਂਗਸਟਰਾਂ ਦੀ ਮਦਦ ਕਰਦੀ ਹੈ। ਫ਼ਤਹਿ ਸਿੰਘ ਅਤੇ ਸਿਕੰਦਰ ਸਿੰਘ ਦੇ ਕਿਰਦਾਰ ਇਹੋ ਕੁਝ ਕਰਦੇ ਦਿਖਾਈ ਦਿੰਦੇ ਹਨ। ਫਿਰ ਸ਼ੁਰੂ ਹੁੰਦੀ ਹੈ ਗੈਂਗਸਟਰ ਵਾਰ। ਅੱਜ ਇਕ ਦਾ ਕਤਲ ਤੇ ਕੱਲ੍ਹ ਨੂੰ ਦੂਸਰੇ ਦਾ ਕਤਲ ਸਾਹਮਣੇ ਆਉਂਦਾ ਹੈ। ਬਦਲਾਖੋਰੀ ਸਿਖਰ 'ਤੇ ਪਹੁੰਚਦੀ ਹੈ। ਨਤੀਜਾ ਸਾਰੇ ਪ੍ਰਮੁੱਖ ਪਾਤਰ ਆਪਸੀ ਹਿੰਸਾ ਦਾ ਸ਼ਿਕਾਰ ਹੋ ਕੇ ਆਪਣੀਆਂ ਕੀਮਤੀ ਜਾਨਾਂ ਤੋਂ ਹੱਥ ਧੋ ਲੈਂਦੇ ਹਨ। ਗੈਂਗਸਟਰਾਂ ਦੀ ਲੜਾਈ ਦਾ ਨਤੀਜਾ ਮੌਤ, ਬਰਬਾਦੀ ਅਤੇ ਖਾਨਾਖਰਾਬੀ ਵਿਚ ਨਿਕਲਦਾ ਹੈ। ਬਦਲਾ ਵਿਨਾਸ਼ ਦਾ ਕਾਰਨ ਬਣਦਾ ਹੈ। ਕਹਾਣੀ ਰੌਚਕ ਹੈ।
-ਕੇ. ਐੱਲ. ਗਰਗ
ਮੋਬਾਈਲ : 94635-37050
ਨੈਤਿਕਤਾ
ਸੰਪਾਦਕ : ਬਲਵਿੰਦਰ ਕੌਰ ਚੱਠਾ
ਪ੍ਰਕਾਸ਼ਕ: ਅਸੀਮ ਪਬਲੀਕੇਸ਼ਨ, ਕੈਨੇਡਾ
ਮੁੱਲ :225 ਰੁਪਏ, ਸਫੇ : 148
ਇਸ ਪੁਸਤਕ ਲਈ 'ਬਲਵਿੰਦਰ ਕੌਰ ਚੱਠਾ' ਵਧਾਈ ਦੇ ਪਾਤਰ ਹਨ ਕਿਉਂਕਿ ਬੜੀ ਜ਼ਿੰਮੇਵਾਰੀ ਨਾਲ ਉਨ੍ਹਾਂ ਨੇ ਨੈਤਿਕ ਕਦਰਾਂ-ਕੀਮਤਾਂ ਜੋ ਅੱਜ ਸਾਡੇ ਜੀਵਨ ਅਤੇ ਸਮਾਜ ਵਿਚੋਂ ਮਨਫ਼ੀ ਹੁੰਦੀਆਂ ਜਾ ਰਹੀਆਂ ਹਨ ਬਾਰੇ ਇਹ ਪੁਸਤਕ ਲਿਖੀ। ਅੱਜ ਦੀ ਨੌਜਵਾਨ ਪੀੜ੍ਹੀ ਜੋ ਆਪਣੀਆਂ ਜੜ੍ਹਾਂ ਤੋਂ ਟੁੱਟਦੀ ਜਾ ਰਹੀ ਹੈ ਅਤੇ ਨੈਤਿਕਤਾ ਤੋਂ ਦੂਰ ਹੁੰਦੀ ਜਾ ਰਹੀ ਹੈ, ਨੌਜਵਾਨ ਪੀੜ੍ਹੀ ਲਈ ਇਹ ਪੁਸਤਕ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਬਸ਼ਰਤੇ ਕਿ ਨੌਜਵਾਨ ਬੱਚੇ ਇਸ ਪੁਸਤਕ ਨੂੰ ਪੜ੍ਹਨ। ਬਚਪਨ ਵਿਚ ਸਕੂਲਾਂ ਵਿਚ ਨੈਤਿਕਤਾ ਦੀ ਪਾਠ-ਪੁਸਤਕ ਪੜ੍ਹਾਈ ਜਾਂਦੀ ਸੀ ਅਤੇ ਨੈਤਿਕਤਾ ਸਿਖਾਉਣ ਲਈ ਕਈ ਸਿੱਖਿਆਦਾਇਕ ਕਹਾਣੀਆਂ ਵੀ ਨੈਤਿਕਤਾ ਦੀ ਪਾਠ- ਪੁਸਤਕ ਵਿਚ ਸ਼ਾਮਿਲ ਹੁੰਦੀਆਂ ਸਨ ਅਤੇ ਇਹ ਕਹਾਣੀਆਂ ਦਿਲ ਨੂੰ ਅੰਦਰ ਤੱਕ ਹਲੂਨਣ ਵਾਲੀਆਂ ਹੁੰਦੀਆਂ ਸਨ। ਬਲਵਿੰਦਰ ਕੌਰ ਨੇ ਵੀ ਆਪਣੀ ਪੁਸਤਕ ਵਿਚ ਬਹੁਤ ਸਾਰੀਆਂ ਸਿੱਖਿਆਦਾਇਕ ਕਹਾਣੀਆਂ ਨੈਤਿਕਤਾ ਦੇ ਉਦਾਹਰਣਾਂ ਵਜੋਂ ਸ਼ਾਮਿਲ ਕੀਤੀਆਂ ਹਨ, ਬਹੁਤ ਸਾਰੀਆਂ ਕਹਾਣੀਆਂ ਦਿਲ ਨੂੰ ਅੰਦਰ ਤੱਕ ਚੋਭ ਲਾਉਂਦੀਆਂ ਹਨ। ਪੁਸਤਕ ਪੜ੍ਹਦੇ ਸਮੇਂ ਇਹ ਕਿਸੇ ਸਕੂਲ ਵਿਚ ਲੱਗੀ ਪਾਠ-ਪੁਸਤਕ ਦਾ ਭੁਲੇਖਾ ਵੀ ਪਾਉਂਦੀ ਹੈ। ਪੁਸਤਕ ਵਿਚਲੇ ਹਰ ਪਾਠ ਤੋਂ ਉਪਰੰਤ ਪ੍ਰਸ਼ਨ ਹਨ ਜਿਨ੍ਹਾਂ ਦੇ ਜਵਾਬ ਪਾਠ ਅੰਦਰ ਹਨ ਜੋ ਪਾਠਕ ਨੇ ਪਾਠ ਪੜ੍ਹਨ ਬਾਅਦ ਤਲਾਸ਼ਣੇ ਹਨ। ਪੁਸਤਕ ਵਿਚਲਾ ਪਾਠ 'ਬਜ਼ੁਰਗੀ ਦਾ ਇਕਲਾਪਾ', ਲੱਕੜ ਦੀ ਪਲੇਟ, ਕਹਾਣੀ ਤਿੰਨ ਦੋਸਤਾਂ ਦੀ, ਡਿਗਰੀਆਂ ਦੀ ਕੀਮਤ, ਮਨ ਨੂੰ ਟੂੰਬਣ ਵਾਲੀਆਂ ਹਨ। ਪੁਸਤਕ ਦੇ ਹਰ ਪਾਠ ਵਿਚ ਕੋਈ ਨਾ ਕੋਈ ਸਿੱਖਿਆ ਹੈ। ਮੇਰੀ ਆਪਣੀ ਰਾਏ ਹੈ ਕਿ ਨੈਤਿਕਤਾ ਵਰਗੀ ਪੁਸਤਕ ਦੀ ਅੱਜ ਹਰ ਘਰ ਵਿਚ ਲੋੜ ਹੈ ਅਤੇ ਇਹ ਪੁਸਤਕ ਇਕ ਪਾਠ-ਪੁਸਤਕ ਵੀ ਅਮਲ ਵਿਚ ਲਿਆਂਦੀ ਜਾਣੀ ਚਾਹੀਦੀ ਹੈ।
-ਡਾ. ਜਸਬੀਰ ਕੌਰ
ਮੋਬਾਈਲ : 98721-68677
ਮੋਬਾਈਲ : 98721-a{{ro
ਪੈਰਿਸ ਉਲੰਪਿਕ 2024
ਲੇਖਕ : ਮਨਦੀਪ ਸਿੰਘ ਸੁਨਾਮ
ਪ੍ਰਕਾਸ਼ਕ : ਸਪਤਰਿਸ਼ੀ ਪ੍ਰਕਾਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 48
ਸੰਪਰਕ : 94174-79449
ਪੈਰਿਸ ਉਲੰਪਿਕ ਮਨਦੀਪ ਸਿੰਘ ਸੁਨਾਮ ਦੀ ਤੀਸਰੀ ਖੇਡਾਂ ਨਾਲ ਸੰਬੰਧਿਤ ਪੁਸਤਕ ਹੈ, ਜਿਸ ਵਿਚ ਉਸ ਨੇ 2024 ਦੀਆਂ ਉਲੰਪਿਕ ਖੇਡਾਂ ਜਿਹੜੀਆਂ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਆਯੋਜਿਤ ਹੋਈਆਂ, ਉਨ੍ਹਾਂ ਦੀ ਜਾਣਕਾਰੀ ਅਤੇ ਉਨ੍ਹਾਂ ਦਾ ਲੇਖਾ-ਜੋਖਾ ਪ੍ਰਸਤੁਤ ਕਰਨ ਦਾ ਯਤਨ ਕੀਤਾ ਹੈ। ਮਨਦੀਪ ਸਿੰਘ ਸੁਨਾਮ ਦੀ ਇਹ ਪੁਸਤਕ 'ਪੈਰਿਸ ਉਲੰਪਿਕ 2024' ਭਾਵੇਂ ਆਕਾਰ ਪੱਖੋਂ ਛੋਟੀ ਅਤੇ ਸੰਖੇਪ ਹੈ ਪਰ ਇਸ ਵਿਚ ਦਿੱਤੀ ਗਈ ਜਾਣਕਾਰੀ 'ਕੁੱਜੇ ਵਿਚ ਸਮੁੰਦਰ' ਬੰਦ ਕਰਨ ਦੇ ਸਮਾਨ ਹੈ। ਲੇਖਕ ਨੇ ਇਸ ਪੁਸਤਕ ਵਿਚ ਉਲੰਪਿਕ ਖੇਡਾਂ ਦੀ ਜਾਣ ਪਛਾਣ ਕਰਵਾਉਂਦਿਆਂ ਭਾਵ ਸੰਖੇਪ ਇਤਿਹਾਸ ਪਰਿਪੇਖ ਸਪੱਸ਼ਟ ਕਰਦਿਆਂ ਲਿਖਿਆ ਹੈ ਪੈਰਿਸ ਵਿਚ ਸਾਲ 1900 ਅਤੇ 1924 ਵਿਚ ਉਲੰਪਿਕ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਉੱਥੋਂ ਦੇ ਲੋਕਾਂ ਦੀ ਪੁਰਜ਼ੋਰ ਮੰਗ ਸੀ। 1924 ਤੋਂ ਬਾਅਦ 2024 ਵਿਚ ਸ਼ਤਾਬਦੀ ਦੇ ਸੰਬੰਧ ਵਿਚ ਇਹ ਖੇਡਾਂ ਫਰਾਂਸ ਵਿਚ ਹੀ ਕਰਵਾਈਆਂ ਜਾਣ 'ਤੇ ਇਨ੍ਹਾਂ ਦਾ ਆਯੋਜਨ ਪੈਰਿਸ ਵਿਖੇ ਹੋਇਆ। ਇਸ ਤੋਂ ਬਾਅਦ ਲੇਖਕ ਨੇ ਇਨ੍ਹਾਂ ਖੇਡਾਂ ਦੇ ਆਰੰਭ ਇਸ ਦੀਆਂ ਭਾਵਪੂਰਤ ਤਿਆਰੀਆਂ ਅਤੇ ਇਸ ਉਲੰਪਿਕ ਵਿਚ ਵਿਸ਼ੇਸ਼ ਤਗਮਿਆਂ ਬਾਰੇ ਵੀ ਇਤਿਹਾਸਕ ਜਾਣਕਾਰੀ ਪ੍ਰਸਤੁਤ ਕੀਤੀ ਹੈ ਕਿ ਇਹ ਤਗਮੇ ਉਥੋਂ ਦੇ ਜੌਹਰੀ ਅਤੇ ਡਿਜ਼ਾਈਨਰ 'ਚੌਮੇਟ' ਵਲੋਂ ਤਿਆਰ ਕੀਤੇ ਗਏ ਅਤੇ ਇਨ੍ਹਾਂ ਵਿਚ ਪ੍ਰਸਿੱਧ ਆਈਫਲ ਟਾਵਰ ਦੇ ਲੋਹੇ ਦਾ ਸਕਰੈਪ ਵੀ ਸ਼ਾਮਿਲ ਸੀ। ਇਥੇ ਇਹ ਵੀ ਵਰਣਨਯੋਗ ਹੈ ਕਿ ਪੈਰਿਸ ਉਲੰਪਿਕ ਵਿਚ ਹਰੇਕ ਤਗਮਾ ਜੇਤੂ ਖਿਡਾਰੀ ਨੇ ਆਈਫਲ ਟਾਵਰ 'ਤੇ ਜਾ ਕੇ ਆਪਣੀ ਤਸਵੀਰ ਵੀ ਜ਼ਰੂਰ ਖਿਚਵਾਈ। ਪੁਸਤਕ ਵਿਚ ਜਿਥੇ ਭਾਰਤ ਦੀ ਕਾਰਗੁਜ਼ਾਰੀ ਅਤੇ ਤਗਮਾ ਜੇਤੂ ਖਿਡਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ, ਉਥੇ ਭਾਰਤ ਦੇ ਹੱਥੋਂ ਕਿਸੇ ਵਜ੍ਹਾ ਕਰਕੇ ਜਿਹੜੇ ਤਗਮੇ ਖਿਸਕ ਗਏ, ਉਨ੍ਹਾਂ ਬਾਰੇ ਵੀ ਜਾਣਕਾਰੀ ਪੇਸ਼ ਕੀਤੀ ਗਈ ਹੈ। ਭਾਰਤ ਦੀ ਹਾਕੀ ਦੀ ਟੀਮ ਅਤੇ ਨੀਰਜ ਚੋਪੜਾ ਜਿਸ ਨੇ ਚਾਂਦੀ ਦਾ ਤਗਮਾ ਜਿੱਤਿਆ ਬਾਰੇ, ਭਾਵਪੂਰਤ ਜ਼ਿਕਰ ਕੀਤਾ ਗਿਆ ਹੈ। ਉਸ ਦੀਆਂ ਹੋਰ ਪ੍ਰਾਪਤੀਆਂ ਵੀ ਇਸ ਪੁਸਤਕ ਵਿਚ ਗਿਣਾਈਆਂ ਗਈਆਂ ਹਨ। ਵਿਨੇਸ਼ ਫੋਗਾਟ ਜੋ ਭਾਰਤੀ ਪਹਿਲਵਾਨ ਸੀ, ਉਸ ਦਾ ਭਾਰ ਵਧਣ ਕਰਕੇ ਕਿਵੇਂ ਤਗਮਾ ਉਸ ਦੇ ਹੱਥੋਂ ਚਲਾ ਗਿਆ, ਉਸ ਬਾਰੇ ਵੀ ਜਾਣਕਾਰੀ ਦਿੰਦਿਆਂ ਦੇਸ਼ ਦੀ ਪ੍ਰਤੀਕਿਰਿਆ ਬਾਰੇ ਦੱਸਿਆ ਗਿਆ ਹੈ। ਇਸ ਪੁਸਤਕ ਵਿਚ ਪੈਰਾਉਲੰਪਿਕ ਖੇਡਾਂ ਵਿਚ ਭਾਰਤ ਦੀ ਸ਼ਾਨਾਮੱਤੀ ਕਾਰਗੁਜ਼ਾਰੀ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ ਅਤੇ ਜੇਤੂ ਖਿਡਾਰੀਆਂ ਅਤੇ ਤਗਮਿਆਂ ਬਾਰੇ ਖ਼ਾਸ ਜ਼ਿਕਰ ਕੀਤਾ ਗਿਆ। ਇਹ ਪੁਸਤਕ 2024 ਦੀ ਪੈਰਿਸ ਉਲੰਪਿਕ ਨੂੰ ਸਮਝਣ ਅਤੇ ਪੜ੍ਹਨ ਲਈ ਮਹੱਤਵਪੂਰਨ ਪੁਸਤਕ ਹੈ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਹਾਲ ਉਥਾਈਂ ਕਹੀਏ
ਸ਼ਾਇਰ : ਜਗਜੀਤ ਨੌਸ਼ਹਿਰਵੀ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 126
ਸੰਪਰਕ : 98152-98459
ਚੜ੍ਹਦੇ ਤੇ ਲਹਿੰਦੇ ਪੰਜਾਬ ਤੋਂ ਬਾਅਦ ਪ੍ਰਵਾਸੀ ਪੰਜਾਬੀ ਸਾਹਿਤਕਾਰਾਂ ਵਿਚ ਪੰਜਾਬੀ ਗ਼ਜ਼ਲ ਲਿਖਣ ਦਾ ਰੁਝਾਨ ਵਧਿਆ ਹੈ ਤੇ ਇਹ ਵਿਧਾ ਚਰਚਾ ਵਿਚ ਹੈ। ਸੰਸਾਰ ਪੱਧਰ 'ਤੇ ਲਿਖੀ ਜਾਣ ਵਾਲੀਆਂ ਸਾਰੀਆਂ ਪੰਜਾਬੀ ਗ਼ਜ਼ਲਾਂ ਹੀ ਪੜ੍ਹਨ ਯੋਗ ਨਹੀਂ ਹੁੰਦੀਆਂ ਤੇ ਨਾ ਹੀ ਸਮੁੱਚੇ ਗ਼ਜ਼ਲਕਾਰਾਂ ਨੂੰ ਸਫ਼ਲ ਮੰਨਿਆ ਜਾ ਸਕਦਾ ਹੈ। ਨਵੀਆਂ ਕਲਮਾਂ ਦੀ ਦਮਦਾਰ ਗ਼ਜ਼ਲਕਾਰੀ ਪੜ੍ਹ ਕੇ ਮਾਨਸਿਕ ਤਸੱਲੀ ਮਿਲਦੀ ਹੈ। ਇਨ੍ਹਾਂ ਨਵੀਆਂ ਸੰਭਾਵਨਾਵਾਂ ਵਾਲੇ ਗ਼ਜ਼ਲਕਾਰਾਂ ਵਿਚ ਜਗਜੀਤ ਨੌਸ਼ਹਿਰਵੀ ਵੀ ਹੈ ਜੋ ਗ਼ਜ਼ਲ ਦੇ ਨਾਲ-ਨਾਲ ਕਵਿਤਾ ਤੇ ਗੀਤ ਵੀ ਸਿਰਜਦਾ ਹੈ। 'ਹਾਲ ਉਥਾਈਂ ਕਹੀਏ' ਵਿਚ ਜਗਜੀਤ ਦੀਆਂ 29 ਗ਼ਜ਼ਲਾਂ, ਪੈਂਤੀ ਕਵਿਤਾਵਾਂ ਤੇ ਗੀਤ ਅਤੇ 2 ਸਫ਼ੇ ਫੁੱਟਕਲ ਹਨ। ਗ਼ਜ਼ਲਕਾਰ ਦੀਆਂ ਗ਼ਜ਼ਲਾਂ ਦੇ ਸ਼ਿਅਰਾਂ ਵਿਚ ਵੰਨ-ਸੁਵੰਨਤਾ, ਵਿਸ਼ਾਲਤਾ, ਚਿੰਤਨ ਤੇ ਚੇਤਨਾ ਤਾਂ ਹੈ ਹੀ, ਇਸ ਦੇ ਨਾਲ-ਨਾਲ ਗ਼ਜ਼ਲ ਲਈ ਲੋੜੀਂਦੇ ਤੱਤ ਤੇ ਨਿਯਮਾਂਵਲੀ 'ਤੇ ਉਸ ਦੀ ਪਹਿਰੇਦਾਰੀ ਵੀ ਦੇਖਣ ਨੂੰ ਮਿਲਦੀ ਹੈ। ਜਗਜੀਤ ਦੀਆਂ ਗ਼ਜ਼ਲਾਂ ਦੇ ਸ਼ਿਅਰ ਹਰੇ ਕਚੂਰ ਪੱਤਿਆਂ ਤੋਂ ਡਿਗ ਰਹੀਆਂ ਤ੍ਰੇਲ ਦੀਆਂ ਬੂੰਦਾਂ ਵਰਗੇ ਹਨ, ਜਿਨ੍ਹਾਂ ਵਿਚ ਇਮਾਨਦਾਰਾਨਾ ਵਿਸ਼ਲੇਸ਼ਣ ਵੀ ਹੈ ਤੇ ਪਾਕੀਜ਼ਗੀ ਵੀ। ਮੈਨੂੰ ਇਨ੍ਹਾਂ ਗ਼ਜ਼ਲਾਂ ਨੇ ਪ੍ਰਭਾਵਿਤ ਤਾਂ ਕੀਤਾ ਹੈ, ਪਰ ਮੈਂ ਮਹਿਸੂਸਿਆ ਹੈ ਕਿ ਕੁਝ ਸ਼ਿਅਰ ਹੋਰ ਬਿਹਤਰ ਹੋਣ ਦੀ ਗੁੰਜਾਇਸ਼ ਸੀ। ਜਗਜੀਤ ਨੌਸ਼ਹਿਰਵੀ ਦੀ ਪੁਸਤਕ 'ਹਾਲ ਉਥਾਈਂ ਕਹੀਏ' ਦਾ ਦੂਸਰਾ ਭਾਗ ਕਵਿਤਾਵਾਂ ਤੇ ਗੀਤਾਂ ਦਾ ਹੈ। ਕਵਿਤਾਵਾਂ ਵਿਚ ਉਸ ਨੇ ਨਿੱਕੇ-ਨਿੱਕੇ ਅਹਿਸਾਸ ਫੜੇ ਹਨ ਤੇ ਤਕਰੀਬਨ ਹਰ ਕਵਿਤਾ ਦਾ ਅੰਤ ਸਵਾਲੀਆ ਬਣਾਇਆ ਹੈ। ਇਨ੍ਹਾਂ ਵਿਚ ਕੁੱਝ ਰਚਨਾਵਾਂ ਛੰਦ ਮੁਕਤ ਤੇ ਕੁੱਝ ਛੰਦ ਬੰਦ ਹਨ। ਨੌਸ਼ਹਿਰਵੀ ਦੇ ਗੀਤ ਬਾਜ਼ਾਰੂ ਨਹੀਂ ਹਨ, ਇਨ੍ਹਾਂ ਵਿਚ ਸੰਜੀਦਗੀ ਜਿਊਂਦੀ ਜਾਗਦੀ ਹੈ। ਅਜਿਹੇ ਗੀਤਾਂ ਨੂੰ ਪੰਜਾਬੀ ਕਾਵਿ ਸਾਹਿਤ ਦਾ ਹਿੱਸਾ ਮੰਨਣਾ ਚਾਹੀਦਾ ਹੈ। ਇਹ ਪਸਤਕ ਸ਼ਾਇਰ ਦੀ ਪਹਿਲੀ ਪੁਸਤਕ ਮਾਲੂਮ ਹੁੰਦੀ ਹੈ ਤੇ ਇਸ ਪਲੇਠੀ ਦੀ ਕਿਤਾਬ ਨਾਲ ਜਗਜੀਤ ਗੂੜ੍ਹੀਆਂ ਪੈੜਾਂ ਪਾਉਂਦਾ ਨਜ਼ਰੀਂ ਆਉਂਦਾ ਹੈ। ਛਪਣ ਤੋਂ ਪਹਿਲਾਂ ਸ਼ਾਇਦ 'ਹਾਲ ਉਥਾਈਂ ਕਹੀਏ' ਦੇ ਪਰੂਫ਼ਾਂ 'ਤੇ ਨਿੱਠ ਕੇ ਨਜ਼ਰਸਾਨੀ ਨਹੀਂ ਹੋ ਸਕੀ। ਉਂਝ ਇਹ ਪੁਸਤਕ ਪੜ੍ਹੀ ਜਾਣ ਵਾਲੀ ਹੈ, ਜਗਜੀਤ ਦੇ ਅਦਬੀ ਸਫ਼ਰ ਦਾ ਸਵਾਗਤ ਹੈ।
-ਗੁਰਦਿਆਲ ਰੌਸ਼ਨ
ਮੋਬਾਈਲ : 99884-44002
ਤੁਸਾਂ ਹਨ ਲੱਭਣੇ
ਨਵੇਂ ਤੋਂ ਨਵੇਂ ਹੱਲ
ਲੇਖਕ : ਆਵੀ ਯੋਰਿਸ਼
ਅਨੁਵਾਦ : ਪੂਨਮ ਸਿੰਘ
ਪ੍ਰਕਾਸ਼ਕ : ਨਵਯੁੱਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 230
ਸੰਪਰਕ : 011-26802488
ਹਥਲੀ ਪੁਸਤਕ 'ਕਿਵੇਂ ਇਜ਼ਰਾਇਲੀ ਜੁਗਤੀਪੁਣਾ ਦੁਨੀਆ ਸੰਵਾਰ ਰਿਹਾ ਹੈ' ਵਿਸ਼ੇ ਦੇ ਅੰਤਰਗਤ ਹੋਂਦ ਵਿਚ ਆਈ ਹੈ। ਵੰਨ-ਸੁਵੰਨੀਆਂ ਸਾਰਥਕ ਕਾਢਾਂ ਕੱਢਣ ਵਿਚ ਇਜ਼ਰਾਈਲ ਦੇਸ਼ ਦਾ ਕਮਾਲ ਦਾ ਰਿਕਾਰਡ ਹੈ। ਪੁਸਤਕ ਦੇ ਆਰੰਭ 'ਚ ਹੀ ਉਜਾਗਰ ਕੀਤਾ ਗਿਆ ਹੈ ਕਿ ਆਵੀ ਨੇ ਇਜ਼ਰਾਇਲੀ ਕਾਢਕਾਰੀ ਦੇ ਹੁਨਰ ਪਿਛਲੇ 'ਚੱਕੀ ਦੇ ਆਟੇ' ਦੀ ਪਛਾਣ ਕਰਕੇ ਦੱਸਿਆ ਹੈ ਕਿ ਇਹ ਨਿੱਕਾ ਜਿਹਾ ਦੇਸ ਆਪਣੀ ਤਕਨਾਲੋਜੀ ਨੂੰ ਇਸ ਤਰ੍ਹਾਂ ਵਰਤ ਰਿਹਾ ਹੈ ਕਿ ਦੁਨੀਆ ਦੇ ਕਰੋੜਾਂ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾ ਰਿਹਾ ਹੈ।... ਇਹ ਡੂੰਘੀਆਂ ਜਾਣਕਾਰੀਆਂ ਦਿੰਦੀ ਅਤੇ ਉਚਿਆਈਆਂ ਨਾਲ ਸਾਂਝਾਂ ਪੁਆਉਂਦੀ ਕਿਤਾਬ ਇਸ ਦੇਸ਼ ਦੇ ਦਿਲ ਅਤੇ ਇਸ ਦੀ ਆਤਮਾ ਨੂੰ ਚਾਨਣੇ ਵਿਚ ਲਿਆਉਂਦੀ ਹੈ। ਤਕਰੀਬਨ ਡੇਢ ਕੁ ਸਾਲ ਇਸ ਪੁਸਤਕ ਦਾ ਪੰਜਾਬੀ ਅਨੁਵਾਦ ਪੰਜਾਬੀ ਦੇ ਮਕਬੂਲ ਮੈਗਜ਼ੀਨ 'ਪ੍ਰੀਤਲੜੀ' 'ਚ ਛਪਦਾ ਰਿਹਾ ਹੈ। ਪੂਨਮ ਨੇ ਇਸ ਪੁਸਤਕ ਦਾ ਜ਼ਿਕਰ ਕਰਦਿਆਂ 'ਅਨੁਵਾਦਿਕਾ ਵਲੋਂ' ਲਿਖਿਆ ਹੈ ਕਿ ਇਜ਼ਰਾਇਲ ਤੇ ਇਸ ਦੀ ਪਰਮੰਨੀ ਕਾਢਕਾਰੀ ਬਾਰੇ ਇਹ ਕਮਾਲ ਦੀ ਕਿਤਾਬ ਹੈ।
ਚਾਰ ਭਾਗਾਂ 'ਚ ਵੰਡੀ ਇਹ ਪੁਸਤਕ ਸਚਮੁੱਚ ਕਮਾਲ ਦੀ ਹੈ। ਪੁਸਤਕ ਦੇ ਲੇਖਕ ਆਵੀ ਯੋਰਿਸ਼ ਨੇ ਪੁਸਤਕ ਦੇ ਪੰਜਾਬੀ ਐਡੀਸ਼ਨ ਲਈ ਵੀ ਕਾਫ਼ੀ ਕੰਮ ਦੀਆਂ ਗੱਲਾਂ ਲਿਖੀਆਂ ਹਨ। ਉਸ ਦਾ ਆਖਣਾ ਹੈ ਕਿ ਇਸ ਕਿਤਾਬ ਵਿਚ ਪੇਸ਼ ਤਕਨਾਲੋਜੀਆਂ ਇਸ ਗੱਲ ਦਾ ਪੱਕਾ ਸਬੂਤ ਹਨ ਕਿ ਮਨੁੱਖਤਾ ਦੇ ਸਭ ਤੋਂ ਵੱਡੇ ਹਾਸਿਲਾਂ ਤੋਂ ਲਾਹਾ ਲੈ ਕੇ ਅਸੀਂ ਕਰੋੜਾਂ ਲੋਕਾਂ ਦੀਆਂ ਜ਼ਿੰਦਗੀਆਂ ਬਿਹਤਰ ਬਣਾ ਸਕਦੇ ਹਾਂ, ਭੁੱਖਿਆਂ ਨੂੰ ਖੁਆ ਸਕਦੇ ਹਾਂ, ਬਿਮਾਰਾਂ ਨੂੰ ਰਾਜ਼ੀ ਕਰ ਸਕਦੇ ਹਾਂ ਅਤੇ ਲੋੜਵੰਦਾਂ ਦੀ ਮਦਦ ਕਰ ਸਕਦੇ ਹਾਂ। ਇਸ ਕਿਤਾਬ ਦਾ ਮੈਨੂੰ ਏਨਾ ਚਾਅ ਇਸ ਲਈ ਹੈ ਕਿਉਂਕਿ ਇਹ ਸਾਫ਼-ਸਾਫ਼ ਦਿਖਾਉਂਦੀ ਪਈ ਹੈ ਕਿ ਦੁਨੀਆ ਨੂੰ ਬਿਹਤਰ ਥਾਂ ਬਣਾਉਣਾ ਮਹਿਜ਼ ਕੋਈ ਸੁਫ਼ਨਾ ਨਹੀਂ। ਪਰਮਪਾਵਨ ਦਲਾਈਨਾਮਾ ਸਾਨੂੰ ਸਿਖਾਉਂਦੇ ਹਨ ਕਿ ਜ਼ਿੰਦਗੀ ਵਿਚ ਸਾਡਾ ਕੰਮ ਹੈ 'ਹੋਰਾਂ ਦੇ ਕੰਮ ਆਉਣਾ' ਅਤੇ ਮਹਾਨ ਯਹੂਦੀ ਸੰਤ ਰੱਬੀ ਟਰਫੌਨ ਨੇ ਸਾਨੂੰ 'ਪਿਤਾਵਾਂ ਦੀ ਨੈਤਿਕਤਾ' ਵਿਚ ਸਿਖਾਇਆ ਹੈ ਕਿ 'ਕੋਈ ਲਾਜ਼ਮੀ ਨਹੀਂ ਕਿ ਤੁਸੀਂ ਇਹ ਕੰਮ ਸਿਰੇ ਚਾੜ੍ਹੋ, ਪਰ ਤੁਸੀਂ ਆਜ਼ਾਦ ਵੀ ਨਹੀਂ ਹੋ ਛੱਡਣ ਲਈ।'
ਇਸ ਪੁਸਤਕ ਅੰਦਰਲੀਆਂ ਕਾਢਾਂ ਦਾ ਵੇਰਵਾ ਮਨੁੱਖਤਾ ਲਈ ਰੌਸ਼ਨੀ ਦੀਆਂ ਰਿਸ਼ਮਾਂ ਵਾਂਗ ਮੰਨਿਆ ਗਿਆ ਹੈ। 'ਐਂਬੂਲੈਂਸਾਂ ਦੀ ਊਬਰ', 'ਇਜ਼ਰਾਇਲੀ ਤਕਨੀਕੀ ਸਫ਼ਲਤਾ ਦੀਆਂ ਕੁਝ ਕਹਾਣੀਆਂ, 'ਦਿਮਾਗ ਦਾ ਜੀ.ਪੀ.ਐੱਸ.', 'ਸੁਨਹਿਰੀ ਅਗਨਕੰਧ', 'ਕੈਮਰਾ ਗਟਕ ਜਾਂ ਰੀੜ੍ਹ 'ਤੇ ਲੱਗੀ ਅੱਖ', 'ਇਕ ਬਿਹਤਰ ਬੈਡ-ਏਡ', 'ਧਰਤੀ ਸੁਰਗ ਇਕ ਕਰਨੇ', 'ਮੋਏ ਜਿਉਂਦੇ ਕਰਨੇ' ਆਦਿ ਸਿਰਲੇਖਾਂ ਤਹਿਤ ਬਣੀਆਂ ਖੋਜਾਤਮਕ ਗੱਲਾਂ ਦਾ ਵਿਸਤਾਰ ਦਿੱਤਾ ਗਿਆ ਹੈ। ਇਜ਼ਰਾਇਲੀ ਤਕਨਾਲੋਜੀ ਬਾਰੇ ਹੋਰ ਵਿਸਤਾਰ 'ਚ ਜਾਂਦਿਆਂ ਲਿਖਾਰੀ ਦੀ ਧਾਰਨਾ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਇਜ਼ਰਾਇਲੀ ਤਕਨਾਲੋਜੀ ਬਾਰੇ ਕਈ ਸਾਰੀਆਂ ਹੈਰਾਨ ਹੀ ਕਰ ਦੇਣ ਵਾਲੀਆਂ ਕਿਤਾਬਾਂ ਆਈਆਂ ਹਨ। 'ਸਟਾਰਟ-ਅੱਪ ਨੇਸ਼ਨ' ਨੇ ਇਸ ਦੇਸ਼ ਨੂੰ ਨਵੇਂ ਸਿਰਿਓਂ ਇਕ ਬ੍ਰਾਂਡ ਬਣਾ ਕੇ ਦਰਸਾ ਦਿੱਤਾ ਅਤੇ ਇਸ ਦੇਸ਼ ਦੇ ਆਰਥਿਕ ਕ੍ਰਿਸ਼ਮੇ ਦੀ ਕਹਾਣੀ ਨਾਲ ਪਾਠਕਾਂ ਦੀ ਸਾਂਝ ਪੁਆਈ ਹੈ। ਇਸ ਮੁਲਕ ਦੇ ਕੁਦਰਤੀ ਵਸੀਲੇ ਬਹੁਤ ਘੱਟ ਹਨ। ਆਬਾਦੀ ਨਿੱਕੀ ਜਿਹੀ ਹੈ ਅਤੇ ਦੁਸ਼ਮਣਾਂ ਦਾ ਕੋਈ ਅੰਤ ਨਹੀਂ। ਪਰ ਫੇਰ ਵੀ ਇਜ਼ਰਾਈਲ ਨੇ ਕੈਨੇਡਾ, ਭਾਰਤ, ਜਾਪਾਨ, ਕੋਰੀਆ ਅਤੇ ਯੂਨਾਈਟਿਡ ਕਿੰਗਡਮ-ਸਾਰੇ ਰਲਾਅ ਕੇ ਤੋਂ ਵੱਧ ਸਟਾਰਟਅੱਪ ਪੈਦਾ ਕੀਤੇ ਹਨ।
ਪੂਨਮ ਸਿੰਘ ਨੇ ਪੁਸਤਕ ਦਾ ਅਨੁਵਾਦ ਵੀ ਪੂਰਾ ਪੰਜਾਬੀ ਮੁਹਾਵਰੇ ਵਾਲਾ ਕੀਤਾ ਹੈ। ਪੂਰੀ ਪੁਸਤਕ ਅਸਲੋਂ ਅਰਥ ਭਰਪੂਰ ਹੈ।
-ਹਰਮੀਤ ਸਿੰਘ ਅਟਵਾਲ
ਮੋਬਾਈਲ : 98155-05287
ਆਪਣਾ ਘਰ
ਲੇਖਕ : ਗੋਵਰਧਨ ਗੱਬੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 175
ਸੰਪਰਕ : 94171-73700
ਗੋਵਰਧਨ ਗੱਬੀ ਪੰਜਾਬੀ ਕਹਾਣੀ ਦਾ ਚਰਚਿਤ ਚਿਹਰਾ ਹੈ। ਉਸ ਦੀਆਂ 15 ਪ੍ਰਕਾਸ਼ਿਤ ਕਿਤਾਬਾਂ ਵਿਚ ਮੌਲਿਕ ਕਹਾਣੀ ਸੰਗ੍ਰਹਿ, ਕਾਵਿ-ਸੰਗ੍ਰਹਿ, ਲੇਖ, ਅਨੁਵਾਦਿਤ ਕਵਿਤਾ, ਜੀਵਨੀ, ਸਾਂਝੇ ਕਾਵਿ ਕਿਤਾਬਾਂ ਸ਼ੁਮਾਰ ਹਨ। ਹਥਲੀ ਕਿਤਾਬ ਕਹਾਣੀਆਂ ਦੀ ਹੈ। ਕਿਤਾਬ ਦੀਆਂ 11 ਕਹਾਣੀਆਂ ਵਿਚ ਵਿਭਿੰਨ ਵਿਸ਼ੇ ਹਨ। ਵਧੇਰੇ ਵਿਸ਼ੇ ਸਮਾਜਿਕ, ਪਰਿਵਾਰਕ ਝਮੇਲੇ, ਬਜ਼ੁਰਗਾਂ ਦੀ ਦਸ਼ਾ, ਵਿਦੇਸ਼ ਜਾਣ ਦੀ ਲਾਲਸਾ; ਪਰਵਾਸ ਕਰਨ ਲਈ ਵਰਤੇ ਜਾਂਦੇ ਗ਼ਲਤ ਢੰਗਾਂ ਦੀ ਕਲਾਤਿਮਕ ਪੇਸ਼ਕਾਰੀ ਹੈ। ਕਹਾਣੀਆਂ ਆਕਾਰ ਵਿਚ ਵੱਡੀਆਂ ਹਨ। ਮਰਦ ਔਰਤ ਨਜਾਇਜ਼ ਰਿਸ਼ਤੇ ਵੀ ਕਹਾਣੀ ਵਿਚ ਹਨ। ਕਹਾਣੀ 'ਕੜਵਾ ਝੂਠ' ਵਿਚ ਪਤੀ ਕੈਨੇਡਾ ਹੈ। ਪਤਨੀ ਬਿਊਟੀ ਪਾਰਲਰ ਵਿਚ ਬੈਠੀ ਹੈ। ਵਿਦੇਸ਼ ਤੋਂ ਫੋਨ ਤੇ ਪਤੀ ਨਾਲ ਚੈਟਿੰਗ ਹੁੰਦੀ ਹੈ। ਕੁਝ ਸਮੇਂ ਬਾਅਦ ਇਕ ਹੋਰ ਸ਼ਖ਼ਸ ਆ ਕੇ ਪਤਨੀ ਨੂੰ ਨਾਲ ਲੈ ਜਾਂਦਾ ਹੈ। ਕਹਾਣੀ ਵਿਚ ਰੁਮਾਂਟਿਕ ਮਾਹੌਲ ਹੈ। ਕਿਤਾਬ ਦੇ ਸਿਰਲੇਖ ਵਾਲੀ ਕਹਾਣੀ ਵਿਚ ਬਜ਼ੁਰਗ ਮਾਂ ਨੂੰ ਨੂੰਹ ਪੁੱਤਰ, ਬਿਰਧ ਆਸ਼ਰਮ ਵਿਚ ਛੱਡ ਆਉਂਦੇ ਹਨ। ਜਦੋਂ ਲੋਕ ਪੁੱਤਰ ਨੂੰ ਲਾਅਨਤਾਂ ਪਾਉਂਦੇ ਹਨ ਤਾਂ ਪੁੱਤਰ ਜਾ ਕੇ ਮਾਂ ਨੂੰ ਵਾਪਸ ਘਰ ਲੈ ਆਉਂਦਾ ਹੈ। ਪਰ ਬਜ਼ੁਰਗ ਮਾਂ ਨੂੰ ਆਸ਼ਰਮ ਹੀ ਆਪਣਾ ਘਰ ਜਾਪਦਾ ਹੈ। 'ਜਲਾਦ' ਕਹਾਣੀ ਵਿਚ ਚਾਰ ਬੰਦਿਆਂ ਨੂੰ ਇਕੋ ਵੇਲੇ ਜਲਾਦ ਨੇ ਫਾਂਸੀ ਲਾਉਣੀ ਹੈ। ਇਹ ਸਾਰੇ ਮੁਲਜ਼ਮ ਰੇਪ ਕੇਸ ਵਿਚ ਫਾਂਸੀ ਲਾਏ ਜਾਣੇ ਹਨ। ਕਹਾਣੀ ਵਿਚ ਜਲਾਦ ਨਾਲ ਫੋਨ ਤੇ ਅਜਨਬੀ ਬੰਦੇ ਦਾ ਸੰਵਾਦ ਦਿਲਚਸਪ ਹੈ। ਜਲਾਦ ਦੀ ਫਾਂਸੀ ਮੌਕੇ ਦੀ ਮਾਨਸਿਕਤਾ ਦਾ ਜ਼ਿਕਰ ਹੈ। ਇਸ ਕੰਮ ਲਈ ਉਸ ਨੂੰ ਲੱਖਾਂ ਰੁਪਏ, ਮਿਲਣੇ ਹਨ । ਇਹ ਉਸਦਾ ਰੁਜ਼ਗਾਰ ਹੈ। ਕਹਾਣੀਆਂ ਵਿਚ ਸਸਪੈਂਸ ਬਹੁਤ ਹੈ। ਘਟਨਾਵਾਂ ਦੀ ਬਹੁਲਤਾ ਹੈ। ਟਟੀਹਰੇ ਕਹਾਣੀ ਵਿਚ ਲੇਖਕ ਆਪਣੇ ਘਰ ਵਿਚ ਟਟੀਹਰੀ ਦੇ ਆਂਡਿਆਂ ਵਿਚੋਂ ਬੱਚੇ ਬਾਹਰ ਆਉਣ ਦੀ ਸਾਰੀ ਪ੍ਰਕਿਰਿਆ ਵੇਖਦਾ ਹੈ। ਲੇਖਕ ਦਾ ਪਤਨੀ ਨਾਲ ਤੇ ਘਰ ਵਿਚ ਕੰਮ ਕਰਦੇ ਕਾਮਿਆਂ ਨਾਲ ਪੰਛੀਆਂ ਬਾਰੇ ਸੰਵਾਦ ਰੌਚਿਕ ਹੈ। ਕਹਾਣੀ ਸੌਦਾ ਵਿਚ ਵਿਦੇਸ਼ ਜਾਣ ਲਈ ਜਾਅਲੀ ਵਿਆਹ, ਜਾਅਲੀ ਡਿਗਰੀਆਂ ਤੇ ਹੋਰ ਬਹੁਤ ਕੁਝ ਨਜਾਇਜ਼ ਹੁੰਦਾ ਹੈ। ਜਾਅਲੀ ਵਿਆਹ ਬਾਰੇ ਪਾਤਰ ਖੁੱਲ੍ਹ ਕੇ ਗੱਲ ਕਰਦੇ ਹਨ। ਵਿਆਹ ਅਸਲੀ ਵਾਂਗ ਹੁੰਦਾ ਹੈ ਪਰ...। ਸੌਦੇ ਦਾ ਰੂਪ ਹੈ। ਸੰਗ੍ਰਹਿ ਦੀਆਂ ਕਹਾਣੀਆਂ ਤੀਲੀ, ਵਕਤ, ਸ਼ੂਗਰ ਰੋਗ, ਮੁਆਤੇ, ਹਵਾ ਹਵਾਈ, ਜਿਊਣ ਮਰਨ, ਦਿਲਚਸਪ, ਰੌਚਿਕ ਪਾਤਰੀ ਸੰਵਾਦ ਤੇ ਕਥਾ ਰਸ ਭਰਪੂਰ ਹਨ। ਕਹਾਣੀਆਂ ਨੂੰ ਆਕਾਰ ਵਿਚ ਘੱਟ ਕੀਤਾ ਜਾ ਸਕਦਾ ਸੀ। ਪੇਪਰਬੈਕ ਕਿਤਾਬ ਦੀ ਗੈਟ ਅਪ ਆਕਰਸ਼ਕ ਹੈ। ਕਿਤਾਬ ਪੜ੍ਹਨਯੋਗ ਹੈ।
-ਪ੍ਰਿੰਸੀਪਲ ਗੁਰਮੀਤ ਸਿੰਘ ਫਾਜ਼ਿਲਕਾ
ਮੋਬਾਈਲ : 98148-56160
ਸੁਭਾਸ਼ ਚੰਦਰ ਬੋਸ ਦੀ ਸਵੈ-ਜੀਵਨੀ
ਅਨੁਵਾਦਕ : ਕੇ.ਐਲ.ਗਰਗ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨ ਸਮਾਣਾ
ਮੁੱਲ : 250, ਸਫ਼ੇ : 159
ਸੰਪਰਕ : 94635-37050
ਇਸ ਪੁਸਤਕ ਨੂੰ ਲੇਖਕ ਨੇ 10 ਭਾਗਾਂ ਵਿਚ ਵੰਡਿਆ ਹੈ ਮੇਰਾ ਜਨਮ, ਪਰਿਵਾਰਕ ਇਤਿਹਾਸ, ਮੇਰੇ ਨਾਲੋਂ ਪਹਿਲਾਂ ਦਾ ਦੌਰ : ਅੰਗਰੇਜ਼ਾਂ ਦੀ ਆਮਦ, ਸਕੂਲ ਦੇ ਦਿਨ-1, ਸਕੂਲ ਦੇ ਦਿਨ-2, ਪ੍ਰੈਜ਼ੀਡੈਂਸੀ ਕਾਲਜ ਦੇ ਦਿਨ-1, ਪ੍ਰੈਜ਼ੀਡੈਂਸੀ ਕਾਲਜ ਦੇ ਦਿਨ-2, ਪੜ੍ਹਾਈ ਫਿਰ ਸ਼ੁਰੂ, ਕੈਂਬਰਿਜ ਦੇ ਦਿਨ, ਮੇਰਾ ਦਾਰਸ਼ਨਿਕ ਆਧਾਰ ਅਤੇ ਅੰਤਿਕਾ ਸ਼ਾਮਿਲ ਕੀਤੇ ਹਨ। ਹਰ ਸਿਰਲੇਖ ਦੇ ਅੱਗੋਂ ਉਪ ਸਿਰਲੇਖਾਂ ਵਿਚ ਹਰ ਅਧਿਆਏ ਨੂੰ ਵੰਡਿਆ ਗਿਆ ਹੈ। 108 ਦੇ ਕਰੀਬ ਉਪ ਸਿਰਲੇਖ ਹਨ, ਜਿਨ੍ਹਾਂ ਵਿਚ ਬਹੁਤ ਸੁੰਦਰ ਢੰਗ ਨਾਲ ਯਾਦਾਂ, ਤਜਰਬੇ, ਸੰਘਰਸ਼ ਅਤੇ ਵੱਖ-ਵੱਖ ਪੜਾਵਾਂ 'ਚ ਯਾਤਰਾ ਦੇ ਪਹਿਲੂ ਅੰਕਿਤ ਹਨ। ਕੇ. ਐਲ. ਗਰਗ ਪੰਜਾਬੀ ਜ਼ੁਬਾਨ ਦਾ ਮਿਹਨਤੀ, ਸਿਰੜੀ ਅਤੇ ਅਜਿਹਾ ਕਾਮਾ ਲੇਖਕ ਹੈ ਜਿਸ ਨੇ ਪੰਜਾਬੀ ਜ਼ੁਬਾਨ ਨੂੰ ਆਪਣੇ ਨਾਵਲਾਂ, ਕਹਾਣੀਆਂ, ਵਿਅੰਗ ਲੇਖਾਂ, ਸੰਪਾਦਨਾ ਰਾਹੀਂ ਅਮੀਰ ਬਣਾਇਆ ਹੈ। ਅਨੁਵਾਦ ਦੇ ਖੇਤਰ ਵਿਚ ਉਸ ਨੇ ਬੜਾ ਮੁੱਲਵਾਨ ਕੰਮ ਕੀਤਾ ਹੈ। ਲਗਭਗ 50 ਦੇ ਕਰੀਬ ਪੁਸਤਕਾਂ ਉਸ ਨੇ ਅੰਗਰੇਜ਼ੀ ਤੇ ਹਿੰਦੀ ਤੋਂ ਪੰਜਾਬੀ ਵਿਚ ਅਨੁਵਾਦ ਕੀਤੀਆਂ ਹਨ, ਜਿਨ੍ਹਾਂ ਵਿਚ ਅੰਗਰੇਜ਼ੀ ਦੇ ਕਈ ਕਲਾਸਿਕ ਵੀ ਸ਼ਾਮਿਲ ਹਨ। ਉਨ੍ਹਾਂ ਦੀ ਅਨੁਵਾਦ ਯੋਗਤਾ ਦੀ ਪ੍ਰਸੰਸਾ ਵਿਚ ਉਨ੍ਹਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ 2018 ਦਾ ਅਨੁਵਾਦ ਪੁਰਸਕਾਰ ਦਿੱਤਾ ਗਿਆ ਹੈ। ਕਹਿਣ ਨੂੰ ਭਾਵੇਂ ਸੁਭਾਸ਼ ਚੰਦਰ ਬੋਸ ਦੀ ਇਹ ਸਵੈ-ਜੀਵਨੀ ਉਨ੍ਹਾਂ ਦੇ ਮੁਢਲੇ 24 ਵਰ੍ਹਿਆਂ ਦੀ ਕਥਾ ਹੈ, ਪਰ ਜੇ ਪਾਠਕਾਈ ਦਿਲਚਸਪੀ ਨਿਉਂ ਦੇ ਪੱਥਰ ਨੂੰ ਦੱਖਣ ਦੀ ਹੋਵੇ, ਤਾਂ ਇਹ ਪੁਸਤਕ ਹੀ ਕਾਫ਼ੀ ਹੈ। ਇਨ੍ਹਾਂ 10 ਅਧਿਆਵਾਂ ਵਿਚ ਇਕ ਸ਼ਰਮੀਲੇ, ਸੰਕੋਚੀ ਅਤੇ ਹੀਣ-ਭਾਵਨਾ ਨਾਲ ਗ੍ਰਸਤ ਬਾਲਕ ਦੇ ਮਹਾਂਨਾਇਕ ਨੇਤਾ ਜੀ ਸੁਭਾਸ਼ ਚੰਦਰ ਬੋਸ ਬਣਨ ਦੀ ਪੂਰੀ ਯਾਤਰਾ ਦਾ ਕਦਮ-ਦਰ-ਕਦਮ ਬਿਰਤਾਂਤ ਦਰਜ ਹੈ। ਇਸ ਰਾਹੀਂ ਪਾਠਕ ਜਾਣ ਸਕਣਗੇ ਕਿ ਜੀਨੀਅਸ ਹਮੇਸ਼ਾ ਪੈਦਾ ਹੀ ਨਹੀਂ ਹੁੰਦੇ, ਸਗੋਂ ਦ੍ਰਿੜ੍ਹ-ਸੰਕਲਪ ਨਾਲ ਬਣ ਵੀ ਸਕਦੇ ਹਨ। ਸਾਹਸੀ ਉਹ ਨਹੀਂ ਹੁੰਦਾ, ਜਿਸ ਦੇ ਮਨ ਵਿਚ ਭੈਅ ਨਾ ਹੋਵੇ, ਸਗੋਂ ਉਹ ਹੁੰਦਾ ਹੈ ਜੋ ਆਪਣੇ ਡਰ ਨੂੰ ਲਗਾਤਾਰ ਜਿੱਤਦਾ ਜਾਂਦਾ ਹੈ। ਵੱਡੇ ਫ਼ੈਸਲੇ ਲੈਣੇ ਹਰ ਕਿਸੇ ਲਈ ਸੋਖੇ ਨਹੀਂ ਹੁੰਦੇ, ਪਰ ਸੋਖੇ ਕੰਮ ਕਰ ਕੇ, ਕੋਈ ਵੱਡਾ ਨਹੀਂ ਬਣਦਾ। ਸੰਖੇਪ ਵਿਚ ਆਖੀਏ ਤਾਂ ਇਸ ਪੁਸਤਕ ਰਾਹੀਂ ਤੁਸੀਂ ਉਸ ਇਸਪਾਤ ਨੂੰ ਮਜ਼ਬੂਤ ਮੂਰਤੀ ਵਿਚ ਢਲਦਾ ਦੇਖੋਗੇ, ਜਿਸ ਨੇ ਸੁਭਾਸ਼ ਨੂੰ ਸੁਭਾਸ਼ ਬਣਾਇਆ। ਸੁਭਾਸ਼ ਚੰਦਰ ਬੋਸ ਸਵਾਮੀ ਵਿਵੇਕਾਨੰਦ ਦੇ ਤਰਕ-ਦਰਸ਼ਨ ਤੋਂ ਪ੍ਰਭਾਵਿਤ ਸਨ। ਇਸੇ ਲਈ ਉਨ੍ਹਾਂ ਦੀ ਇਸ ਲਿਖਤ ਵਿਚ ਪਾਠਕ ਜਨ ਨੂੰ ਮਾਨਵ-ਮਨ ਦੇ ਦਵੰਧਾ, ਭੈਅ ਅਤੇ ਜਟਿਲਤਾਵਾਂ ਦੀ ਸੱਚੀ, ਡੂੰਘੀ ਅਤੇ ਵਿਗਿਆਨਕ ਜਾਂਚ-ਪੜਤਾਲ ਮਿਲੇਗੀ। ਪਾਠਕਾਂ ਤਤਕਾਲੀ ਭਾਰਤੀ ਸਮਾਜ ਦੀ ਰਾਜਨੀਤਕ, ਇਥੋਂ ਤੱਕ ਕਿ ਪੂਰੀ ਦੁਨੀਆ ਦੀ ਤਸਵੀਰ ਦੇਖ ਸਕਣਗੇ ਅਤੇ ਸੁਭਾਸ਼ ਦੇ ਧਰਮ ਅਤੇ ਅਧਿਐਨ ਸੰਬੰਧੀ ਵਿਚਾਰਾਂ ਨੂੰ ਜਾਣ ਸਕੋਗੇ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਕਫ਼ਨ ਦੀ ਜੇਬ ਨਹੀਂ ਹੁੰਦੀ
ਸੰਪਾਦਕ : ਜਸਵੀਰ ਸਿੰਘ ਰਾਣਾ
ਪ੍ਰਕਾਸ਼ਕ : ਕੈਲੀਬਰ ਪਬਲੀਕੇਸ਼ਨ, ਪਟਿਆਲਾ
ਮੁੱਲ : 290 ਰੁਪਏ, ਸਫ਼ੇ : 237
ਸੰਪਰਕ : 98156-59220
ਜਸਵੀਰ ਸਿੰਘ ਰਾਣਾ ਪੰਜਾਬੀ ਕਹਾਣੀ ਦੇ ਖੇਤਰ ਵਿਚ ਇਕ ਸਥਾਪਿਤ ਹਸਤਾਖ਼ਰ ਹੈ। ਚਾਰ ਮੌਲਿਕ ਕਹਾਣੀ-ਸੰਗ੍ਰਹਿ ਅਤੇ ਇਕ ਸੰਪਾਦਤ ਕਹਾਣੀ-ਸੰਗ੍ਰਹਿ ਤੋਂ ਬਾਅਦ ਉਸ ਨੇ ਹਥਲਾ ਸੰਪਾਦਤ ਕਹਾਣੀ-ਸੰਗ੍ਰਹਿ 'ਕਫ਼ਨ ਦੀ ਜੇਬ ਨਹੀਂ ਹੁੰਦੀ' ਪਾਠਕਾਂ ਦੀ ਨਜ਼ਰ ਕੀਤਾ ਹੈ। ਇਸ ਵਿਚ ਲੁੰਪਨ ਸ਼੍ਰੇਣੀ ਨਾਲ ਸੰਬੰਧਿਤ ਪਾਤਰਾਂ ਦੀਆਂ ਕਹਾਣੀਆਂ ਸੰਪਾਦਤ ਕੀਤੀਆਂ ਗਈਆਂ ਹਨ। ਲੇਖਕ ਅਨੁਸਾਰ ਲੁੰਪਨ ਸ਼੍ਰੇਣੀ ਸਾਧਨ ਵਿਹੂਣੇ ਲੋਕਾਂ ਦੀ ਹੈ ਜੋ ਕਮਾਈ ਲਈ ਗ਼ਲਤ ਢੰਗ ਦੀ ਕਿਰਤ ਕਰਦੇ ਹਨ। ਉਨ੍ਹਾਂ ਦੇ ਜ਼ਿਹਨਾਂ ਵਿਚੋਂ ਹਰ ਤਰ੍ਹਾਂ ਦੇ ਭਾਈਚਾਰਕ ਸਰੋਕਾਰ ਖ਼ਤਮ ਹੋ ਚੁੱਕੇ ਹੁੰਦੇ ਹਨ। ਉਹ ਲੋਕ ਮੌਤ ਨਾਲ ਨਿੱਤ ਖੇਡਦੇ ਜੀਵਨ ਦੇ ਵਿਲੱਖਣ ਅਤੇ ਗ਼ਲਤ ਕੰਮਾਂ ਨੂੰ ਸਾਰਥਿਕਕਰਨ ਦਾ ਯਤਨ ਕਰਦੇ ਹਨ। ਇਸ ਪੁਸਤਕ ਵਿਚ 14 ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਵਿਚ ਨੌਰੰਗ ਸਿੰਘ, ਅਜੀਤ ਕੌਰ, ਬਲਦੇਵ ਸਿੰਘ, ਗੁਰਪਾਲ ਸਿੰਘ ਲਿੱਟ, ਲਾਲ ਸਿੰਘ, ਬਲਵਿੰਦਰ ਸਿੰਘ ਗਰੇਵਾਲ, ਹਰਜਿੰਦਰ ਸਿੰਘ ਸੂਰੇਵਾਲੀਆ, ਤਰਲੋਚਨ ਸਿੰਘ ਭਾਟੀਆ, ਡਾ. ਅਰਵਿੰਦਰ ਕੌਰ ਧਾਲੀਵਾਲ, ਦਲਜੀਤ ਸਿੰਘ ਸ਼ਾਹੀ ਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੀ ਚੋਣ ਸਮੇਂ ਸੰਪਾਦਕ ਨੇ ਵਿਸ਼ੇਸ਼ ਤੌਰ 'ਤੇ ਅਜਿਹੇ ਪਾਤਰਾਂ ਨੂੰ ਆਧਾਰ ਬਣਾਇਆ ਹੈ ਜੋ ਇਸ ਨਵੀਂ ਸੋਚ ਦੀ ਵਿਊਂਤਬੰਦੀ ਵਿਚ ਯੋਗਦਾਨ ਪਾ ਸਕਦੇ ਹੋਣ। ਨਹਿਰ ਵਿਚ ਵਹਿੰਦੀਆਂ ਲਾਸ਼ਾਂ ਦੀ ਬੇਹੁਰਮਤੀ ਅਤੇ ਨਹਿਰ ਵਿਚੋਂ ਕੱਢਣ ਬਦਲੇ ਵਾਰਸਾਂ ਨਾਲ ਸੌਦੇ ਕਰਦੇ ਹਨ, ਪੈਸੇ ਬਦਲੇ ਮਰਦ ਵੀ ਦੇਹ ਦਾ ਸੌਦਾ ਕਰਦੇ ਹਨ, ਪਿੰਗਲਿਆਂ ਅਤੇ ਗ਼ਰੀਬਾਂ ਦੇ ਫੰਡਾਂ 'ਚ ਕੁੰਡੀ ਲਾਉਂਦੇ ਹਨ, ਲਾਵਾਰਸ ਮੁਰਦਿਆਂ ਦੀਆਂ ਵਸਤਾਂ ਵੇਚਦੇ ਹਨ, ਹਯਾਤੀ ਦੇ ਖ਼ਰਚਿਆਂ ਲਈ ਕਸਾਈ ਦੇ ਕੰਮ ਕਰਦੇ ਹਨ, ਥਰਡ ਜੈਂਡਰ ਦੀ ਹਰ ਤਰ੍ਹਾਂ ਦੀ ਸਿਖਲਾਈ ਵੀ ਕਰਾਉਂਦੇ ਹਨ, ਪੈਸੇ ਲਈ ਜ਼ਬਰਦਸਤੀ ਲਿੰਗ ਪਰਿਵਰਤਨ ਕਰ ਦਿੰਦੇ ਅਤੇ ਜਾਦੂ ਦੇ ਖੇਡ-ਖੇਡ ਵਿਚ ਦੇਹਾਂ ਦੇ ਸੌਦੇ ਹੋ ਜਾਂਦੇ ਹਨ। ਇਨ੍ਹਾਂ ਕਹਾਣੀਆਂ ਦੇ ਵਸਤੂ ਦਾ ਅਧਿਐਨ ਕਰ ਕੇ ਇਹ ਗੱਲ ਸਿੱਧ ਹੁੰਦੀ ਹੈ ਕਿ ਸੰਪਾਦਕ ਨੇ ਜਿਸ ਪ੍ਰਯੋਜਨ ਕਾਰਨ ਇਹ ਪੁਸਤਕ ਸੰਪਾਦਤ ਕਰਨ ਦਾ ਉਦੇਸ਼ ਮਿੱਥਿਆ ਸੀ। ਇਹ ਇਨ੍ਹਾਂ ਕਹਾਣੀਆਂ ਵਿਚ ਪੂਰਾ ਹੁੰਦਾ ਹੈ। ਆਸ ਕੀਤੀ ਜਾਂਦੀ ਹੈ ਕਿ ਇਹ ਪੁਸਤਕ ਆਪਣੀ ਵੱਖਰੇ ਉਦੇਸ਼ ਕਾਰਨ ਜ਼ਰੂਰ ਪਾਠਕਾਂ ਦੀ ਪਸੰਦ ਬਣੇਗੀ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਮਿੰਟੂ ਦੀ ਸਿਆਣਪ
ਲੇਖਕ : ਇਕਬਾਲ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 68
ਸੰਪਰਕ : 095184-02049
'ਮਿੰਟੂ ਦੀ ਸਿਆਣਪ' ਇਕਬਾਲ ਸਿੰਘ ਦਾ ਨਵ-ਪ੍ਰਕਾਸ਼ਿਤ ਬਾਲ ਕਹਾਣੀ ਸੰਗ੍ਰਹਿ ਹੈ। ਇਸ ਸੰਗ੍ਰਹਿ ਦੀ ਪਹਿਲੀ ਕਹਾਣੀ 'ਅੱਖਰਾਂ ਦੀ ਸੈਰ' ਪ੍ਰੇਰਣਾਤਮਕ ਢੰਗ ਨਾਲ ਅਨੋਖਾ ਵਿੱਦਿਅਕ ਵਾਤਾਵਰਨ ਸਿਰਜਦੀ ਹੈ। ਜਦੋਂ ਵਿਦਿਆਰਥੀਆਂ ਦੇ ਇਮਤਿਹਾਨਾਂ ਤੋਂ ਬਾਅਦ ਗੁਰਮੁਖੀ ਦੇ ਅੱਖਰ ਵੀ ਵਿਹਲੇ ਹੋ ਜਾਂਦੇ ਹਨ ਤਾਂ ਉਹ ਅੱਖਰ ਵੀ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਵਿਚ ਸੈਰ-ਸਪਾਟੇ ਲਈ ਨਿਕਲਦੇ ਹਨ ਅਤੇ ਉਨ੍ਹਾਂ ਪ੍ਰਾਂਤਾਂ ਦੀਆਂ ਇਲਾਕਾਈ ਭਾਸ਼ਾਵਾਂ ਦੇ ਅੱਖਰਾਂ ਨਾਲ ਸਾਂਝ ਵਧਾ ਕੇ ਆਪਣੇ ਵਿਦਿਆਰਥੀਆਂ ਲਈ ਗਿਆਨ ਦੇ ਨਵੇਂ ਸੋਮੇ ਪੈਦਾ ਕਰਕੇ ਲਿਆਉਣ ਦਾ ਅਨੁਭਵ ਹਾਸਿਲ ਕਰਦੇ ਹਨ। 'ਹਰਮਨ ਦਾ ਜਾਦੂ' ਕਹਾਣੀ ਵਿਚ ਅੱਠਵੀਂ ਜਮਾਤ ਵਿਚ ਪੜ੍ਹਦਾ ਹਰਮਨ ਝੁੱਗੀ-ਝੌਂਪੜੀ ਵਾਲਿਆਂ ਦੇ ਬੱਚਿਆਂ ਨੂੰ ਪ੍ਰੇਰਣਾ ਦੇ ਕੇ ਸਕੂਲ ਵਿਚ ਲਿਆਉਂਦਾ ਹੈ ਅਤੇ ਸਨਮਾਨ ਪ੍ਰਾਪਤ ਕਰਦਾ ਹੈ। ਹਰਮਨ ਦੇ ਇਹ ਸੰਬੋਧਨੀ ਬੋਲ, 'ਮਿੱਤਰੋ! ਸਾਡਾ ਮਿਸ਼ਨ ਇਨ੍ਹਾਂ ਬੱਚਿਆਂ ਨੂੰ ਸਕੂਲ ਲੈ ਆਉਣ ਨਾਲ ਹੀ ਸਮਾਪਤ ਨਹੀਂ ਹੋ ਜਾਂਦਾ। ਇਹ ਬੱਚੇ ਹਰ ਕੰਮ ਵਿਚ ਬਹੁਤ ਹੀ ਪਛੜੇ ਹੋਏ ਹਨ। ਅਸੀਂ ਸਾਰਿਆਂ ਨੇ ਮਿਲ ਕੇ ਇਨ੍ਹਾਂ ਨੂੰ ਆਪਣੇ ਬਰਾਬਰ ਕਰਨਾ ਹੈ। ਉਮੀਦ ਹੈ, ਤੁਸੀਂ ਸਾਰੇ ਸਹਿਯੋਗ ਕਰੋਗੇ। ਇਸ ਸੰਗ੍ਰਹਿ ਵਿਚਲੀਆਂ ਕੁਝ ਕਹਾਣੀਆਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਵਿਚ ਪੁਰਾਤਨਤਾ ਦੇ ਨਾਲ-ਨਾਲ ਨਵੀਨਤਾ ਦਾ ਸੰਗਮ ਹੈ ਅਤੇ ਚੇਤਨਾਮਈ ਪ੍ਰਵਾਹ ਦੀਆਂ ਝਲਕਾਂ ਵੀ ਵਿਖਾਈ ਦਿੰਦੀਆਂ ਹਨ। 'ਖੂਹ ਦਾ ਡੱਡੂ' ਕਹਾਣੀ ਵਿਚਲਾ ਇਕ ਡੱਡੂ ਸੁੱਕ ਰਹੇ ਛੱਪੜ ਵਿਚੋਂ ਆਸ਼ਾਵਾਦੀ ਬਣ ਕੇ ਦੂਰ ਦੁਰਾਡੇ ਦੇ ਤਲਾਬ ਵਿਚ ਪੁੱਜ ਕੇ ਮਨ ਦੀ ਮੁਰਾਦ ਪੂਰੀ ਕਰਦਾ ਹੈ। 'ਮਿੰਟੂ ਦੀ ਸਿਆਣਪ' ਵਿਚਲਾ ਪਾਤਰ ਮਿੰਟੂ ਆਪਣੇ ਮਿੱਤਰ ਬਲਰਾਜ ਨੂੰ ਏ.ਟੀ.ਐਮ. ਅੱਗੇ ਖੜ੍ਹਾ ਵੇਖ ਕੇ ਸ਼ੰਕਾ ਜ਼ਾਹਿਰ ਕਰਦਾ ਹੈ ਤੇ ਸੋਚਦਾ ਹੈ ਕਿ ਏ.ਟੀ.ਐਮ. ਬੱਚਿਆਂ ਦੇ ਇਕੱਲਿਆਂ ਵਰਤਣ ਵਾਲੀ ਸ਼ੈਅ ਨਹੀਂ ਹੈ। ਉਹ ਆਪਣੇ ਅਧਿਆਪਕਾ ਜੀ ਨਾਲ ਗੱਲ ਕਰਦਾ ਹੈ। ਸੂਚਨਾ ਮਿਲਣ 'ਤੇ ਬਲਰਾਜ ਦੇ ਪਿਤਾ ਜੀ ਤਤਕਾਲ ਸਕੂਲ ਪੁੱਜਦੇ ਹਨ ਅਤੇ ਬਲਰਾਜ ਨੂੰ ਕਿਸੇ ਹੋਰ ਏ.ਟੀ.ਐਮ. ਤੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕਰਦਿਆਂ ਫੜ ਲੈਂਦੇ ਹਨ ਕਿਉਂਕਿ ਪਹਿਲੇ ਏ.ਟੀ.ਐਮ. ਵਿਚ ਨਗਦ ਰਾਸ਼ੀ ਉਪਲਬਧ ਨਹੀਂ ਸੀ। ਇਉਂ ਮਿੰਟੂ ਆਪਣੀ ਦੂਰਦ੍ਰਿਸ਼ਟੀ ਨਾਲ ਬਲਰਾਜ ਦੇ ਪਿਤਾ ਜੀ ਦਾ ਵੱਡਾ ਨੁਕਸਾਨ ਹੋਣ ਤੋਂ ਬਚਾਉਂਦਾ ਹੈ ਅਤੇ ਉਸ ਦੇ ਪਿਤਾ ਵਲੋਂ ਦਿੱਤਾ ਗਿਆ ਇਨਾਮ ਵੀ ਨਹੀਂ ਲੈਂਦਾ। ਇਸ ਪ੍ਰਕਾਰ ਦੀਆਂ ਹੋਰ ਕਹਾਣੀਆਂ ਵਿਚੋਂ 'ਲਾਈਲਗ ਵਜ਼ੀਰ', 'ਚਿੜੀ ਦੀ ਸੈਰ', 'ਸਮਝੌਤਾ' ਅਤੇ 'ਕੋਇਲ ਦੀ ਸਮਝ' ਆਦਿ ਵਿਚੋਂ ਵੀ ਮਿਲਦੇ ਹਨ। 'ਹੋਲੀ ਵਾਲਾ ਦਿਨ' ਬੱਚਿਆਂ ਵਿਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਵਾਲਾ ਸੁੰਦਰ ਕਥਾ-ਬਿਰਤਾਂਤ ਹੈ। ਇਹ ਕਹਾਣੀਆਂ ਵਰਤਮਾਨ ਬਾਲ ਸਾਹਿਤ ਦੀ ਜ਼ਰੂਰਤ ਦੇ ਮੱਦੇਨਜ਼ਰ ਸਿਰਜੀਆਂ ਗਈਆਂ ਹਨ। ਕਹਾ