

ਨਵੀਂ ਦਿੱਲੀ, 22 ਫਰਵਰੀ- ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਏਅਰ ਇੰਡੀਆ ਦੀਆਂ ਸੇਵਾਵਾਂ ’ਤੇ ਸਵਾਲ ਚੁਕਦੇ ਹੋਏ ਟਵੀਟ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਜਹਾਜ਼ ਵਿਚ ਸੀਟਾਂ ਦੀ ਮਾੜੀ ਹਾਲਤ ’ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਭੋਪਾਲ ਤੋਂ ਦਿੱਲੀ ਜਾਣ ਲਈ ਏਅਰ ਇੰਡੀਆ ਦੀ ਫਲਾਈਟ ਏ.ਆਈ. 436 ਲਈ ਟਿਕਟ ਲਈ, ਜਿੱਥੇ ਉਨ੍ਹਾਂ ਨੂੰ ਸੀਟ ਨੰਬਰ 83 ਅਲਾਟ ਕੀਤੀ ਗਈ ਸੀ, ਪਰ ਜਦੋਂ ਉਹ ਆਪਣੀ ਸੀਟ ’ਤੇ ਪਹੁੰਚੇ ਤਾਂ ਦੇਖਿਆ ਕਿ ਇਹ ਟੁੱਟੀ ਹੋਈ ਸੀ ਅਤੇ ਅੰਦਰ ਦੱਬੀ ਹੋਈ ਸੀ, ਜਿਸ ਕਾਰਨ ਬੈਠਣਾ ਅਸੁਵਿਧਾਜਨਕ ਸੀ। ਸ਼ਿਵਰਾਜ ਸਿੰਘ ਚੌਹਾਨ ਨੇ ਸੋਸ਼ਲ ਮੀਡੀਆ ਹੈਂਡਲ ਐਕਸ ’ਤੇ ਇਸ ਮਾਮਲੇ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਇਸ ਵਿਚ ਉਨ੍ਹਾਂ ਨੇ ਏਅਰ ਇੰਡੀਆ ਨੂੰ ਵੀ ਟੈਗ ਕੀਤਾ ਹੈ।